ਦੌਧਰ 'ਚ ਪੀਐੱਮ ਸ੍ਰੀ ਸਕੀਮ ਅਧੀਨ ਚੱਲ ਰਹੇ ਸਕੂਲ ’ਚ ਸਿੱਖਿਆ ਕ੍ਰਾਂਤੀ ਬੇਹਾਲ, ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਮੋਗਾ ਜਿਲ੍ਹੇ ਦੇ ਵੱਡੇ ਪਿੰਡ ਦੌਧਰ ਸ਼ਰਕੀ
Publish Date: Sat, 08 Aug 2026 06:22 PM (IST)
Updated Date: Sun, 09 Aug 2026 04:02 AM (IST)
ਪ੍ਰਿੰਸੀਪਲ ਸਮੇਤ ਅਧਿਆਪਕਾਂ ਦੀਆਂ 15 ਅਸਾਮੀਆਂ ਖਾਲੀ, ਵਿਦਿਆਰਥੀ ਦੂਰ-ਦੁਰਾਡੇ ਦੇ ਸਕੂਲਾਂ ਚ ਜਾਣ ਲਈ ਮਜ਼ਬੂਰ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਜਿਲ੍ਹੇ ਦੇ ਵੱਡੇ ਪਿੰਡ ਦੌਧਰ ਸ਼ਰਕੀ ਦੇ ਪੀਐੱਮ ਸ੍ਰੀ ਸਕੂਲ ਵਿਚ ਸਕੂਲ ਵਿਚ ਅਧਿਆਪਕਾਂ ਦੀ ਭਾਰੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਵੱਡੇ ਪਿੰਡ ਦੇ ਸਕੂਲਾਂ ‘ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣੀਆਂ ਇਕ ਵੱਡਾ ਸਵਾਲ ਖੜ੍ਹਾ ਕਰ ਰਹੀਆਂ ਹਨ। ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਇਸ ਸਕੂਲ ਵਿਚ ਪ੍ਰਿੰਸੀਪਲ ਸਮੇਤ ਲੈਕਚਰਾਰ ਕੇਡਰ ਦੇ ਅਧਿਆਪਕਾਂ ਦੀਆਂ 10 ਚੋਂ 10 ਪੋਸਟਾਂ ਅਤੇ ਮਾਸਟਰ ਕੇਡਰ ਦੇ ਅਧਿਆਪਕਾਂ ਦੀਆਂ 5 ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ, ਜਿਸ ਕਾਰਨ ਸਕੂਲ ਦਾ ਪ੍ਰਬੰਧ ਅਤੇ ਪੜ੍ਹਾਈ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੋਗਾ ਜ਼ਿਲ੍ਹੇ ਵਿਚ ਕੇਂਦਰ ਸਰਕਾਰ ਦੀ ਪੀਐੱਮ ਸ੍ਰੀ ਸਕੂਲ ਸਕੀਮ ਅਧੀਨ ਲਗਪਗ 13 ਸਕੂਲ ਬਣੇ ਹੋਏ ਹਨ। ਪਿਛਲੇ ਵਰ੍ਹੇ 2025 ਵਿਚ ਇਸ ਸਕੂਲ ਨੂੰ ਵੀ ਕੇਂਦਰ ਸਰਕਾਰ ਦੀ ਪੀਐੱਮ ਸ੍ਰੀ ਸਕੀਮ ਅਧੀਨ ਲਿਆਂਦਾ ਗਿਆ ਸੀ। ਪਿੰਡ ਵਿਚ ਇਸ ਸਕੂਲ ਦੀਆਂ ਦੋ ਬਰਾਂਚਾਂ ਚਲਦੀਆਂ ਹਨ ਜਿਨ੍ਹਾਂ ਵਿਚ ਇਕ ਲੜਕਿਆਂ ਦਾ ਸਕੂਲ ਹੈ ਅਤੇ ਇਕ ਲੜਕੀਆਂ ਦਾ ਜਿਸ ਕਾਰਨ ਸਟਾਫ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਨਾਨ ਟੀਚਿੰਗ ਸਟਾਫ ਵਿਚ ਕਲਰਕ ਦੀ ਅਹਿਮ ਪੋਸਟ ਵੀ ਖਾਲੀ ਪਈ ਹੈ ਅਤੇ ਅਧਿਆਪਕਾਂ ਦੁਆਰਾ ਹੀ ਕਲਰਕੀ ਦਾ ਕੰਮ ਚਲਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਕਮੀ ਕਾਰਨ ਬਾਰ੍ਹਵੀਂ ਸਾਇੰਸ ਦੀਆਂ ਜਮਾਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬਾਕੀ ਵਿਸ਼ਿਆਂ ਦੀ ਪੜ੍ਹਾਈ ਵੀ ਨਿਯਮਿਤ ਤੌਰ ਤੇ ਨਹੀਂ ਹੋ ਰਹੀ। ਇਕ-ਇਕ ਅਧਿਆਪਕ ਨੂੰ ਕਈ ਜਮਾਤਾਂ ਅਤੇ ਵਿਸ਼ਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਪੈ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪੂਰਾ ਸਮਾਂ ਅਤੇ ਲੋੜੀਂਦੀ ਸਿੱਖਿਆ ਨਹੀਂ ਮਿਲ ਰਹੀ। ਇਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਪ੍ਰੀਖਿਆ ਨਤੀਜਿਆਂ ਤੇ ਪੈ ਰਿਹਾ ਹੈ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਦੂਰ-ਦੁਰਾਡੇ ਦੇ ਸਕੂਲਾਂ ਵਿਚ ਭੇਜਣ ਲਈ ਮਜ਼ਬੂਰ ਹਨ। ਇਸ ਮਾਮਲੇ ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਢੀਗਾਂ ਮਾਰ ਰਹੀ ਹੈ, ਪਰ ਜਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਫੌਕੀ ਸੌਹਰਤ ਤੋਂ ਬਾਹਰ ਆ ਕਿ ਜਮੀਨੀ ਪੱਧਰ ਤੇ ਸਿੱਖਿਆ ਪ੍ਰਤੀ ਕੰਮ ਕਰੇ ਸਰਕਾਰ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੰਵਰ ਸਕੇ।