ਮੋਗਾ ’ਚ 40 ਘੰਟਿਆਂ ਬਾਅਦ ਈਡੀ ਦੀ ਵਾਪਸੀ ਮੋਗਾ ਤੋਂ ਆਮ ਆਦਮੀ ਪਾਰਟੀ ਦੀ
Publish Date: Thu, 05 Nov 2026 08:09 PM (IST)
Updated Date: Thu, 05 Nov 2026 08:11 PM (IST)
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਭਾਜਪਾ ’ਤੇ ਦਬਾਅ ਬਣਾਉਣ ਦੇ ਲਾਏ ਦੋਸ਼ ਕਿਹਾ, ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਲਈ ਦਿੱਤਾ ਗਿਆ ਮੰਤਰੀ ਦੇ ਅਹੁਦੇ ਦਾ ਲਾਲਚ ਈਡੀ ਦੇ ਹਰ ਸਵਾਲ ਦਾ ਤਸੱਲੀ ਨਾਲ ਦਿੱਤਾ ਜਵਾਬ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਕਰੀਬ 40 ਘੰਟਿਆਂ ਤੱਕ ਚੱਲੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਤੋਂ ਬਾਅਦ ਟੀਮ ਵਾਪਸ ਪਰਤ ਗਈ। ਇਸ ਕਾਰਵਾਈ ਤੋਂ ਬਾਅਦ ਵਿਧਾਇਕਾ ਨੇ ਭਾਜਪਾ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ’ਤੇ ਸਿਆਸੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਅਤੇ ਬਦਲੇ ਵਿਚ ਮੰਤਰੀ ਦਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਿਸੇ ਦਬਾਅ ਅੱਗੇ ਝੁਕਣ ਵਾਲੇ ਨਹੀਂ ਅਤੇ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਤੇ ਹਮੇਸ਼ਾ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ। ਵਿਧਾਇਕਾ ਨੇ ਕਿਹਾ ਕਿ ਈਡੀ ਦੀ ਟੀਮ ਵੱਲੋਂ ਪੁੱਛੇ ਗਏ ਹਰ ਸਵਾਲ ਦਾ ਉਨ੍ਹਾਂ ਨੇ ਤਸੱਲੀ ਨਾਲ ਜਵਾਬ ਦਿੱਤਾ। ਉਨ੍ਹਾਂ ਅਨੁਸਾਰ ਜਾਂਚ ਟੀਮ ਵੱਲੋਂ ਘਰ ਵਿਚ ਮੌਜੂਦ ਬੱਚਿਆਂ ਦੀਆਂ ਕਿਤਾਬਾਂ ਤੱਕ ਦੀ ਫਰੋਲਾ-ਫਰਾਲੀ ਕੀਤੀ ਗਈ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਜਾਂਚ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਜਾਂ ਅਜਿਹਾ ਸਬੂਤ ਹੱਥ ਨਹੀਂ ਲੱਗਾ। ਵਿਧਾਇਕਾ ਨੇ ਇਸ ਪੂਰੀ ਕਾਰਵਾਈ ਨੂੰ ਸਿਆਸੀ ਦਬਾਅ ਨਾਲ ਜੋੜਦਿਆਂ ਕਿਹਾ ਕਿ ਉਨ੍ਹਾਂ ਨੂੰ ਡਰਾਉਣ ਜਾਂ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਆਪਣੇ ਸਿਆਸੀ ਸਟੈਂਡ ’ਤੇ ਕਾਇਮ ਹਨ। ਇਸ ਮਾਮਲੇ ’ਚ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਬਰਿੰਦਰ ਸਿੰਘ ਮਧੇਕੇ ਨੇ ਕਿਹਾ ਕਿ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਦਾਮਨ ਸਾਫ਼ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਏਜੰਸੀ ਦੇ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਈਡੀ ਦੀ ਇਸ ਕਾਰਵਾਈ ਰਾਹੀਂ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਐਡਵੋਕੇਟ ਬਬਨ ਗੋਇਲ ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ’ਤੇ ਈਡੀ ਦੀ ਛਾਪੇਮਾਰੀ ਤੇ ਜਾਂਚ ਤੋਂ ਬਾਅਦ ਕੋਈ ਠੋਸ ਸਬੂਤ ਸਾਹਮਣੇ ਨਾ ਆਉਣ ’ਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਬਾਅ ਹੇਠ ਲਿਆਉਣ ਲਈ ਜਾਂਚ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।