- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦੀ ’ਤੇ ਨੇਕੀ, ਝੂਠ ’ਤੇ ਸੱਚ

ਹਜ਼ਾਰਾਂ ਲੋਕਾਂ ਨੇ ਕੀਤੇ ਰਾਵਣ ਦਹਨ ਦੇ ਦਰਸ਼ਨ, ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
ਡੀਐੱਮ ਕਾਲਜ ਤੇ ਟਾਊਨ ਹਾਲ ਕਲੱਬ ਵਿਖੇ ਹੋਏ ਸ਼ਾਨਦਾਰ ਸਮਾਗਮ, ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਗਿਆ ਅਗਨ ਭੇਟ
ਮਲਵਿਕਾ ਸੂਦ ਦਾ ਸੁਨੇਹਾ ਅਸਲ ਦੁਸ਼ਹਿਰਾ ਉਸ ਦਿਨ ਹੋਵੇਗਾ, ਜਦੋਂ ਮਨ ਅੰਦਰ ਵੱਸਦੀਆਂ ਬੁਰਾਈਆਂ ਦਾ ਹੋਵੇਗਾ ਅੰਤ
ਵਕੀਲ ਮਹਿਰੋਂ/ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਬਦੀ ’ਤੇ ਨੇਕੀ, ਝੂਠ ’ਤੇ ਸੱਚ ਅਤੇ ਅਨਿਆਂ ’ਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਮੋਗਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਵਿੱਚ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਦੁਸਹਿਰੇ ਦੇ ਮੇਲਿਆਂ ਵਿੱਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਡੀਐੱਮ ਕਾਲਜ ਅਤੇ ਟਾਊਨ ਹਾਲ ਕਲੱਬ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਤੇ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਸ਼ਾਮ ਸਮੇਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਅੱਗ ਲਗਾ ਕੇ ਬੁਰਾਈ ਦੇ ਅੰਤ ਅਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ।
ਨਵੀਨ ਕਲਾ ਮੰਦਿਰ ਵੱਲੋਂ ਕੱਢੀ ਗਈ ਪ੍ਰਭੂ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ
ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਸਵੇਰ ਤੋਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੀਨ ਕਲਾ ਮੰਦਿਰ ਵੱਲੋਂ ਡੀਐੱਮ ਕਾਲਜ ਮੋਗਾ ਵਿਖੇ ਪ੍ਰਭੂ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਸਥਾਨਾਂ ਤੋਂ ਹੁੰਦੀ ਹੋਈ ਵਿਸ਼ਾਲ ਮੈਦਾਨ ਵਿਚ ਪਹੁੰਚੀ। ਇਸੇ ਤਰ੍ਹਾਂ ਟਾਊਨ ਹਾਲ ਕਲੱਬ ਵਿਖੇ ਵੀ ਦੁਸਹਿਰੇ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸਮਾਗਮ ਦਾ ਆਨੰਦ ਮਾਣਿਆ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿਚ ਤਿਉਹਾਰ ਨੂੰ ਲੈ ਕੇ ਖ਼ਾਸ ਉਤਸ਼ਾਹ ਦਿਖਾਈ ਦਿੱਤਾ। ਮੇਲੇ ਦੌਰਾਨ ਲੋਕਾਂ ਨੇ ਧਾਰਮਿਕ ਰਸਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਪਰਿਵਾਰਾਂ ਸਮੇਤ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਕਾਂਗਰਸ ਦੀ ਹਲਕਾ ਇੰਚਾਰਜ ਮਲਵਿਕਾ ਸੂਦ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਭਾਜਪਾ ਦੇ ਸਾਬਕਾ ਪ੍ਰਧਾਨ ਡਾ. ਸੀਮਾਂਤ ਗਰਗ, ਮੋਹਨ ਲਾਲ ਸੇਠੀ ਅਤੇ ਡਾ. ਸੰਦੀਪ ਗਰਗ, ਐਡਵੋਕੇਟ ਅਭਿਸ਼ੇਕ ਜਿੰਦਲ ਨੇ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਰਾਵਣ ਦਹਨ ਮੌਕੇ ਗੂੰਜੇ ਜੈਕਾਰਿਆਂ ਦੇ ਨਾਅਰੇ, ਆਤਿਸ਼ਬਾਜ਼ੀ ਨਾਲ ਰੌਸ਼ਨ ਹੋਇਆ ਆਕਾਸ਼
ਦੁਸਹਿਰੇ ਦੇ ਸਮਾਗਮਾਂ ਦਾ ਮੁੱਖ ਆਕਰਸ਼ਣ ਸ਼ਾਮ ਸਮੇਂ ਹੋਇਆ ਰਾਵਣ ਦਹਨ ਰਿਹਾ। ਜਿਵੇਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਅੱਗ ਲਗਾਈ ਗਈ, ਮੌਜੂਦ ਲੋਕਾਂ ਨੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ। ਇਸ ਦੌਰਾਨ ਆਤਿਸ਼ਬਾਜ਼ੀ ਦੀਆਂ ਰੌਸ਼ਨੀਆਂ ਨਾਲ ਆਕਾਸ਼ ਜਗਮਗਾ ਉੱਠਿਆ ਅਤੇ ਮੈਦਾਨ ਵਿਚ ਮੌਜੂਦ ਲੋਕਾਂ ਨੇ ਇਸ ਦ੍ਰਿਸ਼ ਦਾ ਆਨੰਦ ਮਾਣਿਆ। ਦੁਸਹਿਰੇ ਦੇ ਤਿਉਹਾਰ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੋਗਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਦੁਸਹਿਰੇ ਦੇ ਮੌਕੇ ’ਤੇ ਇੱਕ ਅਹਿਮ ਸੰਦੇਸ਼ ਦਿੰਦਿਆਂ ਕਿਹਾ ਕਿ ਰਾਵਣ ਦਾ ਪੁਤਲਾ ਤਾਂ ਹਰ ਸਾਲ ਸਾੜਿਆ ਜਾਂਦਾ ਹੈ ਪਰ ਅਸਲ ਦੁਸਹਿਰਾ ਉਸ ਦਿਨ ਹੋਵੇਗਾ, ਜਦੋਂ ਅਸੀਂ ਆਪਣੇ ਮਨ ਅੰਦਰ ਵੱਸਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਵਿਚ ਕਾਮਯਾਬ ਹੋਵਾਂਗੇ। ਮੋਗਾ ’ਚ ਮਨਾਏ ਗਏ ਦੁਸ਼ਹਿਰੇ ਦੇ ਤਿਉਹਾਰ ਨੇ ਇਕ ਵਾਰ ਫਿਰ ਲੋਕਾਂ ਨੂੰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ।