ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ ਇਲਾਕੇ ਦੀ ਮਸ਼ਹੂਰ ਵਿੱਦਿਅਕ
Publish Date: Tue, 20 Oct 2026 04:20 PM (IST)
Updated Date: Wed, 21 Oct 2026 04:01 AM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਇਤਿਹਾਸਿਕ ਪਰੰਪਰਾਵਾਂ ਨਾਲ ਜੋੜਨਾ ਸੀ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਾਂਗਣ ਨੂੰ ਰੰਗ-ਬਿਰੰਗੇ ਫੁੱਲਾਂ, ਝੰਡੀਆਂ ਅਤੇ ਦੁਸ਼ਹਿਰੇ ਨਾਲ ਸਬੰਧਤ ਚਿੱਤਰਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਵਿਦਿਆਰਥੀਆਂ ਨੇ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਅਤੇ ਰਾਮਾਇਣ ਦੀਆਂ ਪ੍ਰਮੁੱਖ ਘਟਨਾਵਾਂ ਤੇ ਆਧਾਰਿਤ ਇਕ ਲਘੂ ਨਾਟਕ (ਰਾਮਲੀਲਾ) ਪੇਸ਼ ਕੀਤਾ, ਜਿਸ ਨੂੰ ਦੇਖ ਕੇ ਸਾਰੇ ਮੰਤਰ-ਮੁਗਧ ਹੋ ਗਏ। ਇਸ ਤੋਂ ਇਲਾਵਾ, ਬੱਚਿਆਂ ਨੇ ਧਾਰਮਿਕ ਗੀਤਾਂ, ਕਵਿਤਾਵਾਂ ਅਤੇ ਸੁੰਦਰ ਭਾਸ਼ਣਾਂ ਰਾਹੀਂ ਦੁਸ਼ਹਿਰੇ ਦੇ ਮਹੱਤਵ ਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਵਿੱਚ ਦੱਸਿਆ ਕਿ ਇਹ ਤਿਉਹਾਰ ਸਾਨੂੰ ਅਹੰਕਾਰ, ਝੂਠ ਅਤੇ ਬੁਰਾਈ ਦਾ ਤਿਆਗ ਕਰਕੇ ਸੱਚ, ਧਰਮ ਅਤੇ ਨੇਕੀ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਸਮਾਗਮ ਦੇ ਅੰਤ ਵਿਚ ਸਕੂਲ ਦੇ ਮੈਦਾਨ ਵਿਚ ਰਾਵਣ ਦਾ ਪੁਤਲਾ ਸਾੜਿਆ ਗਿਆ, ਜਿਸ ਤੋਂ ਬਾਅਦ ਪੂਰਾ ਸਕੂਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਸ਼ੁਭਾਸ਼ ਪਲਤਾ ਤੇ ਡਾਇਰੈਕਟਰ ਅਮਿਤ ਪਲਤਾ, ਸ਼੍ਰੇਆ ਪਲਤਾ, ਸ਼ਿਵਾਨੀ ਅਰੋੜਾ ਅਤੇ ਰਮਨ ਅਰੋੜਾ ਅਤੇ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੂੰ ਦੁਸ਼ਹਿਰੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅੰਦਰੋਂ ਬੁਰਾਈਆਂ, ਆਲਸ, ਹੰਕਾਰ ਅਤੇ ਨਕਾਰਾਤਮਕ ਸੋਚ ਨੂੰ ਖ਼ਤਮ ਕਰਕੇ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿਚ ਸਾਰੇ ਬੱਚਿਆਂ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਖ਼ੁਸ਼ੀ-ਖ਼ੁਸ਼ੀ ਇਹ ਸਮਾਗਮ ਯਾਦਗਾਰੀ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।