- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਐੱਲਐੱਫ ਸਕੂਲ ਦੇ ਆਡੀਟੋਰੀਅਮ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਟੀਐੱਲਐੱਫ ਸਕੂਲ ਦੇ ਆਡੀਟੋਰੀਅਮ ਵਿਚ ਕਿੰਡਰਗਾਰਟਨ ਦੇ ਨੰਨ੍ਹੇ ਬੱਚਿਆਂ ਲਈ ਨਵਰਾਤਰੀ ਦੇ ਤਿਉਹਾਰ ਮੌਕੇ ਵਿਸ਼ੇਸ਼ ਸਮਾਗਮ ‘ਡਾਂਡੀਆ ਵਿਦ ਪੇਰੈਂਟਸ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ, ਪ੍ਰਿੰਸੀਪਲ ਨੀਤੂ ਡਾਂਡੀ ਅਤੇ ਸੀਏ ਰਵਿੰਦਰ ਗੋਇਲ ਵੱਲੋਂ ਸਾਂਝੇ ਤੌਰ ’ਤੇ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਪੂਰਾ ਆਡੀਟੋਰੀਅਮ ਰੰਗਾਂ, ਸੰਗੀਤ ਅਤੇ ਮਾਂ-ਬੱਚੇ ਦੇ ਪਿਆਰ ਨਾਲ ਖਿੜ ਉੱਠਿਆ। ਸਮਾਗਮ ਲਈ ਆਡੀਟੋਰੀਅਮ ਨੂੰ ਨਵਰਾਤਰੀ ਦੀ ਥੀਮ ਅਨੁਸਾਰ ਰੰਗ-ਬਿਰੰਗੇ ਪਰਦਿਆਂ, ਮਨਮੋਹਕ ਰੌਸ਼ਨੀਆਂ ਅਤੇ ਰਵਾਇਤੀ ਗਰਬੇ ਨਾਲ ਸਬੰਧਤ ਸਜਾਵਟੀ ਸਮੱਗਰੀ ਨਾਲ ਸਜਾਇਆ ਗਿਆ ਸੀ। ਰੰਗ-ਬਿਰੰਗੀਆਂ ਚਣੀਆ ਚੋਲੀਆਂ ਅਤੇ ਕੁੜਤੇ ਪਹਿਨ ਕੇ ਆਪਣੀਆਂ ਮਾਵਾਂ ਦਾ ਹੱਥ ਫੜ ਕੇ ਪਹੁੰਚੇ ਨੰਨ੍ਹੇ ਬੱਚੇ ਸਭ ਦੀ ਖਿੱਚ ਦਾ ਕੇਂਦਰ ਬਣੇ। ਇਸ ਸਮਾਗਮ ਦਾ ਮੁੱਖ ਆਕਰਸ਼ਣ ਮਾਪਿਆਂ ਅਤੇ ਬੱਚਿਆਂ ਦੇ ਇੱਕੋ ਜਿਹੇ ਪਹਿਰਾਵੇ ਅਤੇ ਉਨ੍ਹਾਂ ਦੇ ਤਾਲਮੇਲ ਭਰੇ ਕਦਮ ਰਹੇ, ਜਿਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਨੱਚ ਕੇ ਖੂਬ ਆਨੰਦ ਮਾਣਿਆ ਅਤੇ ਯਾਦਗਾਰੀ ਪਲ ਸਾਂਝੇ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਮਾਪਿਆਂ ਅਤੇ ਬੱਚਿਆਂ ਵਿਚਕਾਰ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਹੈ। ਇਸ ਦੇ ਨਾਲ ਹੀ ਨੰਨ੍ਹੇ ਬੱਚਿਆਂ ਨੂੰ ਆਪਣੀ ਅਮੀਰ ਭਾਰਤੀ ਸੰਸਕ੍ਰਿਤੀ ਅਤੇ ਰਵਾਇਤਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਉਤਸਵ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਪਰਿਵਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਸਮਾਗਮ ਦੀ ਸਮਾਪਤੀ ਸ਼ਾਨਦਾਰ ਗਰਬਾ ਨਾਚ ਅਤੇ ਵਿਸ਼ਾਲ ‘ਮਹਾ-ਗਰਬਾ’ ਨਾਲ ਹੋਈ। ਇਸ ਮੌਕੇ ਪੂਰਾ ਆਡੀਟੋਰੀਅਮ ਤਾੜੀਆਂ ਦੀ ਗੂੰਜ ਨਾਲ ਭਰ ਗਿਆ ਅਤੇ ਇਹ ਰੰਗਾਰੰਗ ਉਤਸਵ ਸਾਰਿਆਂ ਲਈ ਯਾਦਗਾਰੀ ਬਣ ਗਿਆ।