ਮੋਗਾ ’ਚ ਸ੍ਰੀ ਰਾਮ ਜੀ ਦੀ ਬਾਰਾਤ ਸਜਾਈ ਧਾਰਮਿਕ ਨਗਰੀ ਮੋਗਾ
Publish Date: Mon, 19 Oct 2026 04:00 PM (IST)
Updated Date: Mon, 19 Oct 2026 04:03 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਧਾਰਮਿਕ ਨਗਰੀ ਮੋਗਾ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਬਾਰਾਤ ਦੌਰਾਨ ਇਸ ਵਾਰ ਇਕ ਵਿਸ਼ੇਸ਼ ਪਹਿਲ ਦੇਖਣ ਨੂੰ ਮਿਲੀ। ਮੋਗਾ ਦੇ ਇਤਿਹਾਸ ਵਿੱਚ ਪਹਿਲੀ ਵਾਰ 51 ਰਾਮ ਭਗਤਾਂ ਨੇ ਇੱਕੋ ਜਿਹੇ ਟਰੈਕ ਸੂਟ ਅਤੇ ਕੈਪ ਪਹਿਨ ਕੇ, ਹੱਥਾਂ ਵਿਚ ਪ੍ਰਭੂ ਸ੍ਰੀ ਰਾਮ ਜੀ ਦੇ ਪਾਵਨ ਧਵਜੇ ਲੈ ਕੇ ਅਤੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਭਗਵਾਨ ਸ੍ਰੀ ਰਾਮ ਜੀ ਦੇ ਰਥ ਦੇ ਅੱਗੇ ਚੱਲ ਕੇ ਸ਼ਰਧਾ ਅਤੇ ਭਗਤੀ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਪਹਿਲਕਦਮੀ ਨਾਲ ਪੂਰਾ ਮਾਹੌਲ ਭਗਤੀਮਈ ਹੋ ਗਿਆ। ਇਸ ਵਿਸ਼ੇਸ਼ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਐੱਸਐੱਫ਼ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐੱਮਡੀ ਅਭਿਸ਼ੇਕ ਜਿੰਦਲ, ਉੱਘੇ ਸਮਾਜ ਸੇਵੀ ਅਤੇ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਕੁਮਾਰ ਗੁਪਤਾ ਅਤੇ ਦਸ਼ਹਿਰਾ ਕਮੇਟੀ ਦੇ ਕੈਸ਼ੀਅਰ ਵੇਦ ਵਿਆਸ ਕਾਂਸਲ ਨੇ ਅਹਿਮ ਭੂਮਿਕਾ ਨਿਭਾਈ। ਸ੍ਰੀ ਰਾਮ ਜੀ ਦੀ ਬਾਰਾਤ ਦੌਰਾਨ ਵੱਖ-ਵੱਖ ਥਾਵਾਂ ਤੇ ਸਵਾਗਤ ਕਰਨ ਵਾਲੇ ਸ਼ਰਧਾਲੂਆਂ ਲਈ ਜਲਪਾਨ, ਫਲਾਂ ਦੀ ਸੇਵਾ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ, ਪਕੌੜਿਆਂ ਤੇ ਸਮੋਸਿਆਂ ਦੇ ਸਟਾਲ ਲਗਾਏ ਗਏ। ਬਾਰਾਤ ਦੇ ਸਵਾਗਤ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਈ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਆਰਤੀ ਉਤਾਰੀ ਗਈ। ਇਸ ਮੌਕੇ ਵੇਦ ਵਿਆਸ ਕਾਂਸਲ ਵੱਲੋਂ ਪਹਿਲੀ ਵਾਰ ਆਰਤੀ ਕਰਨ ਵਾਲੇ ਸ਼ਰਧਾਲੂਆਂ ਨੂੰ ਪਟਕਾ, ਮਾਲਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪਹਿਲ ਦਾ ਉਦੇਸ਼ ਪ੍ਰਭੂ ਸ੍ਰੀ ਰਾਮ ਪ੍ਰਤੀ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਦਾ ਉਤਸ਼ਾਹ ਵਧਾਉਣਾ ਅਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਸੀ। ਪੁਰਾਤਨ ਧਾਰਮਿਕ ਮਾਨਤਾਵਾਂ ਅਤੇ ਪਰੰਪਰਾਵਾਂ ਅਨੁਸਾਰ ਸ਼ਿਆਮ ਬਾਰਾਤ ਦੇ ਠਹਿਰਾਅ ਲਈ ਅਭਿਸ਼ੇਕ ਜਿੰਦਲ ਦੇ ਨਿਵਾਸ ਸਥਾਨ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇੱਥੇ ਪੂਰੇ ਰੀਤੀ-ਰਿਵਾਜਾਂ ਨਾਲ ਪ੍ਰਭੂ ਦਾ ਸਵਾਗਤ ਕੀਤਾ ਗਿਆ। ਆਰਤੀ ਤੋਂ ਬਾਅਦ ਦੁੱਧ, ਸੁੱਕੇ ਮੇਵੇ, ਤਾਜ਼ੇ ਫਲ ਅਤੇ ਮਿਠਾਈਆਂ ਅਰਪਿਤ ਕੀਤੀਆਂ ਗਈਆਂ। ਪ੍ਰਭੂ ਦੇ ਨਾਲ ਆਏ ਸਾਰੇ ਬਾਰਾਤੀਆਂ ਦੀ ਵੀ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਕੀਤੀ ਗਈ। ਬਾਰਾਤ ਦੀ ਸਮਾਪਤੀ ਤੇ ਵੀ ਪੁਰਾਣੀਆਂ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਸ੍ਰੀ ਅਭਿਸ਼ੇਕ ਜਿੰਦਲ ਨੇ ਆਪਣੇ ਹੱਥੀਂ ਰਾਮ ਭਗਤਾਂ, ਬੈਂਡ-ਬਾਜੇ ਵਾਲਿਆਂ, ਰਥ ਚਾਲਕਾਂ, ਝਾਕੀਆਂ ਨਾਲ ਜੁੜੇ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਯਾਦ ਵਿੱਚ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਪਹਿਲਕਦਮੀ ਰਾਹੀਂ ਸਮਾਗਮ ਨਾਲ ਜੁੜੇ ਹਰੇਕ ਵਿਅਕਤੀ ਦੇ ਯੋਗਦਾਨ ਦਾ ਸਨਮਾਨ ਕੀਤਾ ਗਿਆ ਅਤੇ ਸੇਵਾ, ਸਮਰਪਣ ਤੇ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਸਮੁੱਚੇ ਸਮਾਗਮ ਦਾ ਮੁੱਖ ਉਦੇਸ਼ ਪ੍ਰਭੂ ਸ੍ਰੀ ਰਾਮ ਪ੍ਰਤੀ ਸ਼ਰਧਾ ਪ੍ਰਗਟ ਕਰਨਾ, ਸਨਾਤਨ ਸੰਸਕ੍ਰਿਤੀ ਦੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣਾ ਅਤੇ ਸਮਾਜ ਵਿਚ ਧਾਰਮਿਕ ਏਕਤਾ ਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਰਿਹਾ। ਸਮਾਗਮ ਨਾਲ ਜੁੜੇ ਸ਼ਰਧਾਲੂਆਂ ਨੇ ਪ੍ਰਭੂ ਸ੍ਰੀ ਰਾਮ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸੇਵਾ, ਸਨਮਾਨ ਅਤੇ ਸ਼ਰਧਾ ਦੀ ਇਹ ਪਰੰਪਰਾ ਹਮੇਸ਼ਾ ਇਸੇ ਤਰ੍ਹਾਂ ਜਾਰੀ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਨ੍ਹਾਂ ਧਾਰਮਿਕ ਸੰਸਕਾਰਾਂ ਨੂੰ ਅਪਣਾ ਕੇ ਸਨਾਤਨ ਸੰਸਕ੍ਰਿਤੀ ਦੀ ਮਰਿਆਦਾ ਨੂੰ ਕਾਇਮ ਰੱਖਣ।