ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਮਹਾਰਾਜ
Publish Date: Tue, 15 Sep 2026 08:21 PM (IST)
Updated Date: Wed, 16 Sep 2026 04:11 AM (IST)
ਨਿਹਾਲ ਸਿੰਘ ਵਾਲਾ ਦੇ ਆਕਾਸ਼ ‘ਚ ਸਜਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਫਲਸਫੇ ਦਾ ਅਲੌਕਿਕ ਦ੍ਰਿਸ਼ ਵੱਡੀ ਗਿਣਤੀ ’ਚ ਸੰਗਤ ਨੇ ਡਰੋਨ ਸ਼ੋਅ ਦਾ ਆਨੰਦ ਮਾਣਿਆ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਗਿਆ ਸ਼ਾਨਦਾਰ ਡਰੋਨ ਸ਼ੋਅ ਸ਼ਰਧਾ, ਤਕਨਾਲੋਜੀ ਅਤੇ ਗੁਰੂ ਜੀ ਦੇ ਮਹਾਨ ਫਲਸਫੇ ਦਾ ਅਦਭੁਤ ਸੁਮੇਲ ਬਣਿਆ। ਆਕਾਸ਼ ਵਿਚ ਰੌਸ਼ਨ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਨੁੱਖਤਾ ਨੂੰ ਸਮਰਪਿਤ ਸੰਦੇਸ਼ ਦੀ ਕੀਤੀ ਗਈ ਪੇਸ਼ਕਾਰੀ ਨੇ ਹਾਜ਼ਰ ਸੰਗਤ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਡਰੋਨ ਸ਼ੋਅ ਦੌਰਾਨ ਆਕਾਸ਼ ਵਿਚ ਤਾਲਮੇਲ ਨਾਲ ਉਭਰਦੀਆਂ ਵੱਖ-ਵੱਖ ਰੌਸ਼ਨ ਆਕ੍ਰਿਤੀਆਂ ਅਤੇ ਦਿਲਕਸ਼ ਕਹਾਣੀ ਪੇਸ਼ਕਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਮਹਾਨ ਫਲਸਫੇ ਨੂੰ ਜੀਵੰਤ ਰੂਪ ਵਿਚ ਦਰਸਾਇਆ ਗਿਆ। ਬਰਾਬਰਤਾ, ਸਾਂਝੀਵਾਲਤਾ, ਮਨੁੱਖੀ ਸਨਮਾਨ, ਆਪਸੀ ਭਾਈਚਾਰੇ, ਦਇਆ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਪੇਸ਼ ਕੀਤੇ ਇਸ ਨਿਵੇਕਲੇ ਉਪਰਾਲੇ ਨੇ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ। ਇਸ ਤੋਂ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ, ਸਿੱਖਿਆਵਾਂ ਅਤੇ ਬਰਾਬਰਤਾ, ਭਾਈਚਾਰੇ ਤੇ ਮਨੁੱਖੀ ਸਨਮਾਨ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਢਾਡੀ ਵਾਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਸਮਾਗਮ ਦੇ ਧਾਰਮਿਕ ਅਤੇ ਰੂਹਾਨੀ ਮਾਹੌਲ ਨੂੰ ਹੋਰ ਗਹਿਰਾ ਕੀਤਾ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਸ਼ਰਮਾ, ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਖਾਲਸਾ ਦੀਨਾ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਬਰਾਬਰਤਾ, ਸਾਂਝੀਵਾਲਤਾ, ਭਾਈਚਾਰੇ ਅਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦੇ ਕੇ ਅਜਿਹੇ ਸਮਾਜ ਦੀ ਸਿਰਜਣਾ ਦਾ ਰਾਹ ਦਿਖਾਇਆ, ਜਿੱਥੇ ਹਰ ਮਨੁੱਖ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਮਾਣ-ਸਨਮਾਨ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਕਰਵਾਉਣ ਦਾ ਉਦੇਸ਼ ਗੁਰੂ ਜੀ ਦੀ ਮਹਾਨ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨੂੰ ਹਰ ਵਰਗ ਅਤੇ ਖਾਸ ਕਰ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਵਰਗੀ ਆਧੁਨਿਕ ਅਤੇ ਨਿਵੇਕਲੀ ਪੇਸ਼ਕਾਰੀ ਇਸ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਡਰੋਨ ਸ਼ੋਅ ਕੇਵਲ ਆਕਾਸ਼ ਵਿਚ ਰੌਸ਼ਨੀਆਂ ਅਤੇ ਆਕ੍ਰਿਤੀਆਂ ਦਾ ਪ੍ਰਦਰਸ਼ਨ ਨਹੀਂ, ਸਗੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਰਾਬਰਤਾ, ਸਾਂਝੀਵਾਲਤਾ ਅਤੇ ਮਨੁੱਖੀ ਸਨਮਾਨ ਦੇ ਅਮਰ ਸੰਦੇਸ਼ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਣ ਦਾ ਸਾਰਥਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਵਿਚਾਰਧਾਰਾ ਅੱਜ ਦੇ ਸਮੇਂ ਵਿੱਚ ਵੀ ਸਮਾਜ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰੇ ਨਾਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਮੋਗਾ ਜ਼ਿਲ੍ਹੇ ਵਿਚ ਇਸੇ ਲੜੀ ਤਹਿਤ 16 ਸਤੰਬਰ ਨੂੰ ਸੰਤ ਬਾਬਾ ਗੁਰਮੇਲ ਸਿੰਘ ਗਰਾਊਂਡ, ਬਾਘਾਪੁਰਾਣਾ, 17 ਸਤੰਬਰ ਨੂੰ ਦਾਣਾ ਮੰਡੀ ਮੋਗਾ ਅਤੇ 18 ਸਤੰਬਰ ਨੂੰ ਦਾਣਾ ਮੰਡੀ ਧਰਮਕੋਟ ਵਿਖੇ ਵੀ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾਣਗੇ।