- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਵਿਚ ਡੀਨ ਰਿਸਰਚ ਐਂਡ ਡਿਵੈਲਪਮੈਂਟ ਅਤੇ ਹੈੱਡ ਫਾਰਮਾਕੋਲੌਜੀ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਸ਼ਮਸ਼ੇਰ ਸਿੰਘ ਦਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਡਿਜ਼ਾਈਨ ਦਾ ਪ੍ਰੋਟੋਟਾਈਪ ਡਾ. ਸ਼ਮਸ਼ੇਰ ਸਿੰਘ ਅਤੇ ਸਾਂਚੀ ਜੈਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਉਪਕਰਨ ਦਾ ਮੁੱਖ ਉਪਯੋਗ ਜ਼ੈਬਰਾ ਫਿਸ਼ ’ਤੇ ਅਲਜ਼ਾਈਮਰ ਅਤੇ ਪਾਰਕਿੰਸਨ ਰੋਗਾਂ ਨਾਲ ਸਬੰਧਤ ਵਿਹਾਰਕ ਅਤੇ ਮਾਨਸਿਕ ਤਬਦੀਲੀਆਂ ਦਾ ਅਧਿਐਨ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਇਕ ਐਨੀਮਲ ਮਾਡਲ ਹੈ, ਜਿਸ ਰਾਹੀਂ ਮਾਨਸਿਕ ਬਿਮਾਰੀਆਂ ਦੌਰਾਨ ਮਨੁੱਖਾਂ ਵਿਚ ਹੋਣ ਵਾਲੀ ਭੁੱਲਣ ਅਤੇ ਭਟਕਾਅ ਵਰਗੀ ਸਥਿਤੀ ਦਾ ਅਧਿਐਨ ਜ਼ੈਬਰਾ ਫਿਸ਼ ’ਤੇ ਕੀਤਾ ਜਾ ਸਕਦਾ ਹੈ। ਇਹ ਉਪਕਰਨ ਖੋਜ ਕਾਰਜਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਨੂੰ ਡਿਜੀਟਲ ਤਕਨਾਲੌਜੀ ਨਾਲ ਜੋੜਨ ਉਪਰੰਤ ਡਾਟਾ ਨੂੰ ਵਧੇਰੇ ਸਟੀਕ ਢੰਗ ਨਾਲ ਇਕੱਠਾ ਅਤੇ ਵਿਸ਼ਲੇਸ਼ਣ ਕੀਤਾ ਜਾ ਸਕੇਗਾ। ਇਸ ਨਾਲ ਖੋਜਕਰਤਾਵਾਂ ਨੂੰ ਵੱਖ-ਵੱਖ ਮਾਨਸਿਕ ਅਤੇ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਅਧਿਐਨ ਵਿਚ ਸਹਾਇਤਾ ਮਿਲੇਗੀ। ਇਸ ਤੋਂ ਪਹਿਲਾਂ ਵੀ ਡਾ. ਸ਼ਮਸ਼ੇਰ ਸਿੰਘ ਵੱਲੋਂ ਕਈ ਖੋਜ ਪੱਤਰ, ਪੇਟੈਂਟ ਅਤੇ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਉਹ ਦੇਸ਼-ਵਿਦੇਸ਼ ਵਿਚ ਵੱਖ-ਵੱਖ ਮੰਚਾਂ ’ਤੇ ਆਪਣੇ ਖੋਜ ਕਾਰਜ ਵੀ ਪੇਸ਼ ਕਰ ਚੁੱਕੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਡਾ. ਸ਼ਮਸ਼ੇਰ ਸਿੰਘ ਅਤੇ ਸਾਂਚੀ ਜੈਨ ਨੂੰ ਇਸ ਉੱਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਖੋਜ ਕਾਰਜਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।