ਡਾ. ਸੀਮਾਂਤ ਗਰਗ ਬਣੇ ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਪੰਜਾਬ ਵਿਚ 2027 ਦੀਆਂ ਵਿਧਾਨ
Publish Date: Tue, 13 Oct 2026 04:01 PM (IST)
Updated Date: Wed, 14 Oct 2026 04:03 AM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮ, ਮਿਹਨਤੀ ਤੇ ਸਮਰਪਿਤ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮੋਗਾ ਦੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੂੰ ਭਾਜਪਾ ਪੰਜਾਬ ਦੇ ਮੈਡੀਕਲ ਸੈੱਲ ਦਾ ਪ੍ਰਧਾਨ (ਕਨਵੀਨਰ) ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਸ੍ਰੀਨਿਵਾਸਲੂ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਨਿਯੁਕਤੀ ਕੀਤੀ ਗਈ ਹੈ। ਇਸ ਨਿਯੁਕਤੀ ’ਤੇ ਡਾ. ਸੀਮਾਂਤ ਗਰਗ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਸ੍ਰੀਨਿਵਾਸਲੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਮਿਹਨਤ, ਲਗਨ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਡਾ. ਸੀਮਾਂਤ ਗਰਗ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਡਾ. ਗਰਗ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਨਸ਼ਿਆਂ, ਗੁੰਡਾਗਰਦੀ ਅਤੇ ਅਪਰਾਧਾਂ ਨੂੰ ਰੋਕਣ ਦੇ ਨਾਲ-ਨਾਲ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ’ਤੇ ਲਿਆਉਣ ਲਈ ਕੰਮ ਕੀਤਾ ਜਾਵੇਗਾ। ਅੰਤ ਵਿਚ ਉਨ੍ਹਾਂ ਨੇ ਮੁੜ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਸ੍ਰੀਨਿਵਾਸਲੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਮੋਗਾ ਜ਼ਿਲ੍ਹੇ ਦੇ ਸਮੂਹ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਲਈ ਵੀ ਮਾਣ ਵਾਲੀ ਗੱਲ ਹੈ।