ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਫਾਰਮ ਵੰਡਣ ਦੀ ਮੁਹਿੰਮ ਸ਼ੁਰੂ
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ
Publish Date: Thu, 25 Jun 2026 04:01 PM (IST)
Updated Date: Thu, 25 Jun 2026 04:04 PM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਚ ਚੱਲ ਰਹੀ ‘ਵਿਸ਼ੇਸ਼ ਗਹਿਰੀ ਸੁਧਾਈ’ 2026 ਤਹਿਤ ਬੀਐੱਲਓਜ਼ ਵੱਲੋਂ ਘਰ ਘਰ ਜਾ ਕੇ ਇਨੁਮਰੇਸ਼ਨ ਫਾਰਮ ਵੰਡਣ ਦੀ ਮੁਹਿੰਮ ਮੋਗਾ ਵਿਖੇ ਵੀ ਸ਼ੁਰੂ ਹੋਈ। ਡੀਸੀ ਮੋਗਾ ਸਾਗਰ ਸੇਤੀਆ ਨੇ ਖ਼ੁਦ ਮੋਗਾ ਸ਼ਹਿਰ ਦੀ ਸਾਧਾਂ ਵਾਲੀ ਬਸਤੀ ਸਮੇਤ ਹੋਰ ਵੱਖ ਵੱਖ ਥਾਂਵਾਂ ਤੇ ਇਸ ਮੁਹਿੰਮ ਦੀ ਅਗਵਾਈ ਕਰਕੇ ਲੋਕਾਂ ਨਾਲ ਰਾਬਤਾ ਬਣਾਇਆ। ਇਸ ਮੌਕੇ ਉਨ੍ਹਾਂ ਨਾਲ ਏਡੀਸੀ ਮੋਗਾ ਜਸਪਿੰਦਰ ਸਿੰਘ, ਐੱਸਡੀਐੱਮ ਸਤਵਿੰਦਰ ਪਾਲ ਸਿੰਘ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ। ਡੀਸੀ ਸਾਗਰ ਸੇਤੀਆ ਨੇ ਦੱਸਿਆ ਕਿ ਮੋਗਾ ਵਿਚ 92 ਫੀਸਦੀ ਤੋਂ ਜਿਆਦਾ ਇਸ ਮੁਹਿੰਮ ਤਹਿਤ ਪ੍ਰੀ ਐੱਸਆਈ ਆਰ ਮੈਪਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ 804 ਬੀਐੱਲਓ, 4 ਈਆਰਓ ਸਮੇਤ ਹੋਰ ਟੀਮਾਂ ਫੀਲਡ ਟੀਮਾਂ ਨੂੰਤਾਇਨਾਤ ਕੀਤਾ ਗਿਆ ਹੈ। ਬੀਐੱਲਓਜ਼ ਹਰ ਘਰ ਵਿਚ ਘੱਟੋ ਘੱਟ ਤਿੰਨ ਵਾਰ ਜਾਣਗੇ ਅਤੇ ਘਰ-ਘਰ ਫਾਰਮ ਵੰਡਣ ਦੀ ਇਹ ਮੁਹਿੰਮ 24 ਜੁਲਾਈ ਤੱਕ ਚੱਲੇਗੀ। ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ ਤੱਕ ਕੀਤੀ ਜਾਵੇਗੀ।ਵੋਟਰ ਸੂਚੀ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ ਤੋਂ 02 ਸਤੰਬਰ ਤੱਕ ਲਏ ਜਾਣਗੇ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ।ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ ਨੂੰ ਕੀਤੀ ਜਾਵੇਗੀ। ਡੀਸੀ ਸੇਤੀਆ ਨੇ ਕਿਹਾ ਕਿ ਐੱਸਆਈਆਰ ਦਾ ਮੁੱਖ ਮਕਸਦ ਵੋਟਰ ਸੂਚੀ ਨੂੰ 100 ਫੀਸਦੀ ਸ਼ੁੱਧ, ਨਿਰੋਲ ਤੇ ਕਮੀ ਰਹਿਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਨਵੇਂ ਯੋਗ ਵੋਟਰਾਂ ਦੇ ਨਾਮ ਸ਼ਾਮਲ ਕੀਤੇ ਜਾ ਰਹੇ ਹਨ, ਮ੍ਰਿਤਕ ਜਾਂ ਸ਼ਿਫਟ ਹੋ ਚੁੱਕੇ ਵੋਟਰਾਂ ਦੇ ਨਾਮ ਕੱਟੇ ਜਾ ਰਹੇ ਹਨ ਅਤੇ ਦਰੁਸਤੀਆਂ ਕੀਤੀਆਂ ਜਾ ਰਹੀਆਂ ਹਨ। ਡੀਸੀ ਨੇ ਬੀਐੱਲਓਜ਼ ਨੂੰ ਹਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਸਆਈਆਰ ਦੇ ਕੰਮ ਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਉਦੇਸ਼ ‘ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿਚੋਂ ਬਾਹਰ ਕਰਨਾ’ ਹੈ।