ਮਿੱਟੀ ਦੇ ਦੀਵਿਆਂ ਨਾਲ ਰੌਸ਼ਨ ਹੋਵੇਗੀ ਦੀਵਾਲੀ, ਪਰ ਘੁਮਿਆਰਾਂ ਦੀ ਜ਼ਿੰਦਗੀ ’ਚ ਅੱਜ ਵੀ ਸੰਘਰਸ਼ ਦਾ ਹਨ੍ਹੇਰਾ ਦੀਵਾਲੀ ਦਾ ਤਿਉਹਾਰ ਰੌਸ਼ਨੀ,
Publish Date: Mon, 26 Oct 2026 04:19 PM (IST)
Updated Date: Mon, 26 Oct 2026 04:22 PM (IST)
ਦੀਵਾਲੀ ਰੌਸ਼ਨ ਕਰਨ ਵਾਲੇ ਘੁਮਿਆਰਾਂ ਦੀ ਜ਼ਿੰਦਗੀ ’ਚ ਹਨੇਰਾ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਦੀਵਾਲੀ ਦਾ ਤਿਉਹਾਰ ਰੌਸ਼ਨੀ, ਆਸਥਾ ਅਤੇ ਖੁਸ਼ੀਆਂ ਦਾ ਪ੍ਰਤੀਕ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਜਦੋਂ ਭਗਵਾਨ ਸ੍ਰੀ ਰਾਮ 14 ਸਾਲ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਪਰਤੇ ਸਨ, ਤਾਂ ਉਨ੍ਹਾਂ ਦੇ ਸਵਾਗਤ ਵਿਚ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਸਨ। ਉਦੋਂ ਤੋਂ ਹੀ ਦੀਵਾਲੀ ਮੌਕੇ ਦੀਵੇ ਜਗਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ। ਅੱਜ ਵੀ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਮੰਦਰਾਂ ਵਿਚ ਮਿੱਟੀ ਦੇ ਦੀਵੇ ਜਗਾ ਕੇ ਤਿਉਹਾਰ ਮਨਾਉਂਦੇ ਹਨ। ਪਰ ਇਨ੍ਹਾਂ ਦੀਵਿਆਂ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਨ ਵਾਲੇ ਘੁਮਿਆਰਾਂ ਅਤੇ ਮਿੱਟੀ ਦੇ ਕਾਰੀਗਰਾਂ ਦੀ ਜ਼ਿੰਦਗੀ ਦੀ ਕਹਾਣੀ ਤਿਉਹਾਰ ਦੀ ਚਮਕ-ਦਮਕ ਤੋਂ ਬਿਲਕੁਲ ਵੱਖਰੀ ਹੈ। ਇਕ ਪਾਸੇ ਲੋਕ ਦੀਵਾਲੀ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਕਾਰੀਗਰ ਦਿਨ-ਰਾਤ ਮਿਹਨਤ ਕਰਕੇ ਦੀਵੇ ਅਤੇ ਹਟੜੀਆਂ ਤਿਆਰ ਕਰਨ ਵਿੱਚ ਲੱਗੇ ਹੋਏ ਹਨ, ਤਾਂ ਜੋ ਲੋਕਾਂ ਦੇ ਘਰ ਰੌਸ਼ਨ ਹੋ ਸਕਣ। ਵਧਦੀ ਮਹਿੰਗਾਈ, ਕੱਚੇ ਮਾਲ ਦੀਆਂ ਉੱਚੀਆਂ ਕੀਮਤਾਂ ਅਤੇ ਮਿਹਨਤ ਦੇ ਮੁਕਾਬਲੇ ਘੱਟ ਕਮਾਈ ਕਾਰਨ ਇੰਨ੍ਹਾਂ ਕਾਰੀਗਰਾਂ ਲਈ ਆਪਣਾ ਰਵਾਇਤੀ ਕਿੱਤਾ ਜਾਰੀ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮੋਗਾ ਵਿਚ ਮਿੱਟੀ ਦੇ ਬਰਤਨ ਅਤੇ ਦੀਵੇ ਬਣਾਉਣ ਦੇ ਰਵਾਇਤੀ ਕਾਰੋਬਾਰ ਨਾਲ ਜੁੜੇ ਰਾਜ ਕੁਮਾਰ ਪਿਛਲੇ 30 ਤੋਂ 40 ਸਾਲਾਂ ਤੋਂ ਇਸ ਕੰਮ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬਚਪਨ ਵਿਚ ਆਪਣੇ ਮਾਤਾ-ਪਿਤਾ ਨੂੰ ਮਿੱਟੀ ਦੇ ਬਰਤਨ ਬਣਾਉਂਦੇ ਦੇਖ ਕੇ ਉਨ੍ਹਾਂ ਨੇ ਇਹ ਕਲਾ ਸਿੱਖੀ ਸੀ। ਹੌਲੀ-ਹੌਲੀ ਕੰਮ ਵਿੱਚ ਹੱਥ ਵਟਾਉਂਦਿਆਂ ਉਹ ਇਸ ਹੁਨਰ ਵਿਚ ਮਾਹਿਰ ਹੋ ਗਏ ਅਤੇ ਅੱਜ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਰਾਜ ਕੁਮਾਰ ਅਨੁਸਾਰ, ਦੀਵਾਲੀ ਲਈ ਦੀਵੇ ਤਿਆਰ ਕਰਨ ਦਾ ਕੰਮ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰਨਾ ਪੈਂਦਾ ਹੈ। ਆਰਡਰ ਪੂਰੇ ਕਰਨ ਲਈ ਪਰਿਵਾਰ ਸਵੇਰੇ ਤਿੰਨ ਵਜੇ ਤੋਂ ਹੀ ਕੰਮ ਵਿਚ ਜੁਟ ਜਾਂਦਾ ਹੈ। ਮਿੱਟੀ ਲਿਆਉਣ ਤੋਂ ਲੈ ਕੇ ਉਸ ਨੂੰ ਸਾਫ਼ ਕਰਨ, ਗੁੰਨ੍ਹਣ, ਚੱਕ ਉੱਤੇ ਦੀਵੇ ਬਣਾਉਣ, ਧੁੱਪ ਵਿਚ ਸੁਕਾਉਣ ਅਤੇ ਭੱਠੀ ਵਿਚ ਪਕਾਉਣ ਤੱਕ ਹਰ ਪੜਾਅ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਰਾਜ ਕੁਮਾਰ ਨੇ ਦੱਸਿਆ ਕਿ ਪਹਿਲਾਂ ਮੋਗਾ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਮਿੱਟੀ ਆਸਾਨੀ ਨਾਲ ਮਿਲ ਜਾਂਦੀ ਸੀ, ਪਰ ਹੁਣ ਮਿੱਟੀ ਦੂਰ-ਦੁਰਾਡੇ ਤੋਂ ਲਿਆਉਣੀ ਪੈਂਦੀ ਹੈ। ਪਹਿਲਾਂ ਜਿਸ ਮਿੱਟੀ ਦੀ ਟਰਾਲੀ ਲਈ 1,500 ਤੋਂ 2,000 ਰੁਪਏ ਖਰਚਣੇ ਪੈਂਦੇ ਸਨ, ਹੁਣ ਉਸ ਦੀ ਕੀਮਤ ਲਗਭਗ 7,000 ਤੋਂ 7,500 ਰੁਪਏ ਤੱਕ ਪਹੁੰਚ ਗਈ ਹੈ। ਮਿੱਟੀ ਮਹਿੰਗੀ ਹੋਣ ਦੇ ਨਾਲ-ਨਾਲ ਬਾਲਣ ਅਤੇ ਹੋਰ ਜ਼ਰੂਰੀ ਸਾਮਾਨ ਦੀ ਲਾਗਤ ਵੀ ਵਧ ਗਈ ਹੈ। ਰਾਜ ਕੁਮਾਰ ਨੇ ਦੱਸਿਆ ਕਿ ਮਿੱਟੀ ਦਾ ਕੰਮ ਉਨ੍ਹਾਂ ਦੇ ਪਰਿਵਾਰ ਵਿਚ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਨੌਜਵਾਨ ਪੀੜ੍ਹੀ ਹੌਲੀ-ਹੌਲੀ ਇਸ ਰਵਾਇਤੀ ਕਿੱਤੇ ਤੋਂ ਦੂਰ ਹੁੰਦੀ ਜਾ ਰਹੀ ਹੈ। ਹੱਥਾਂ ਨਾਲ ਤਿਆਰ ਹੁੰਦੀਆਂ ਹਨ ਹਟੜੀਆਂ ਦੀਵਾਲੀ ਮੌਕੇ ਮਿੱਟੀ ਦੀਆਂ ਹਟੜੀਆਂ ਤਿਆਰ ਕਰਨ ਵਾਲੀ ਕਾਰੀਗਰ ਨਿਰਮਲਾ ਨੇ ਦੱਸਿਆ ਕਿ ਉਹ ਵੀ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਇਸ ਕੰਮ ਵਿਚ ਲੱਗੀ ਹੋਈ ਹੈ। ਹਟੜੀਆਂ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਲਈ ਪਹਿਲਾਂ ਮਿੱਟੀ ਨੂੰ ਸੁਕਾ ਕੇ ਬਰੀਕ ਕੀਤਾ ਜਾਂਦਾ ਹੈ, ਫਿਰ ਛਾਣ ਕੇ ਪਾਣੀ ਨਾਲ ਗੁੰਨ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਹਟੜੀ ਦੇ ਵੱਖ-ਵੱਖ ਹਿੱਸੇ ਹੱਥਾਂ ਨਾਲ ਤਿਆਰ ਕਰਕੇ ਜੋੜੇ ਜਾਂਦੇ ਹਨ। ਨਿਰਮਲਾ ਨੇ ਦੱਸਿਆ ਕਿ ਭੱਠੀ ਵਿਚ ਹਟੜੀਆਂ ਪਕਾਉਣ ਸਮੇਂ ਵੀ ਕਾਫ਼ੀ ਨੁਕਸਾਨ ਹੁੰਦਾ ਹੈ। ਕਈ ਵਾਰ ਤਿਆਰ ਕੀਤੇ ਸਾਮਾਨ ਦਾ ਵੱਡਾ ਹਿੱਸਾ ਖ਼ਰਾਬ ਹੋ ਜਾਂਦਾ ਹੈ। ਕਾਰੀਗਰਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਦੀਵੇ ਸਿਰਫ਼ ਸਜਾਵਟ ਦਾ ਸਾਮਾਨ ਨਹੀਂ ਹਨ, ਸਗੋਂ ਇਹ ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਧਾਰਮਿਕ ਆਸਥਾ ਨਾਲ ਜੁੜੇ ਹੋਏ ਹਨ।ਕਾਰੀਗਰਾਂ ਦੀ ਅਪੀਲ ਇਸ ਦੀਵਾਲੀ ਮਿੱਟੀ ਦੇ ਦੀਵੇ ਜ਼ਰੂਰ ਖ਼ਰੀਦੋ ਰਾਜ ਕੁਮਾਰ ਅਤੇ ਨਿਰਮਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਅਤੇ ਹੱਥਾਂ ਨਾਲ ਤਿਆਰ ਕੀਤੀਆਂ ਹਟੜੀਆਂ ਜ਼ਰੂਰ ਖਰੀਦਣ।