ਆਮ ਆਦਮੀ ਪਾਰਟੀ ਨੇ ਪ੍ਰਤਾਪ ਬਾਜਵਾ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਵੱਲੋਂ ਸ਼ੁੱਕਰਵਾਰ
Publish Date: Fri, 13 Feb 2026 04:38 PM (IST)
Updated Date: Sat, 14 Feb 2026 04:03 AM (IST)

ਕੈਬਨਿਟ ਮੰਤਰੀ ਈਟੀਓ ਦੇ ਪਿਤਾ ਸਬੰਧੀ ਕੀਤੀ ਟਿੱਪਣੀ ਦਾ ਮਾਮਲਾ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਵੱਲੋਂ ਸ਼ੁੱਕਰਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਪਿਤਾ ਖ਼ਿਲਾਫ਼ ਪਿਛਲੇ ਦਿਨੀਂ ਕੀਤੀ ਗਈ ਭੱਦੀ ਟਿੱਪਣੀ ਖਿਲਾਫ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਦੀ ਰਹਿਨੁਮਾਈ ਹੇਠ ਮੋਗਾ ਸ਼ਹਿਰ ਦੇ ਮੇਨ ਚੌਂਕ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸੈਕਟਰੀ ਪਿਆਰਾ ਸਿੰਘ, ਐਜੂਕੇਸ਼ਨ ਵਿੰਗ ਦੇ ਜੋਨ ਇੰਚਾਰਜ਼ ਅਨਿਲ ਸ਼ਰਮਾ, ਯੂਥ ਵਿੰਗ ਦੇ ਜੈਨ ਇੰਚਾਰਜ਼ ਰਵੀਇੰਦਰ ਸਿੰਘ ਰਵੀ, ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ਼ ਅਜੇ ਸ਼ਰਮਾ, ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖਾਲਸਾ, ਸੰਗਠਨ ਇੰਚਾਰਜ਼ ਜਗਦੀਸ਼ ਸ਼ਰਮਾ, ਗੁਰਦਰਸ਼ਨ ਦੌਧਰ ਅਤੇ ਅਵਤਾਰ ਸਿੰਘ ਬੰਟੀ ਨੇ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਪਿਤਾ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਸਖ਼ਤ ਨਿੰਦਿਆ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀ ਅਸਲ ਸੱਚਾਈ ਬਾਰੇ ਦੱਸਿਆ। ਆਪ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਇਹ ਲੀਡਰ ਬੁਖਲਾਹਟ ਵਿਚ ਆ ਕੇ ਆਏ ਦਿਨ ਅਜਿਹੇ ਬਿਆਨ ਦੇ ਕੇ ਆਪਣੀ ਸੌੜੀ ਮਾਨਸਿਕਤਾ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਧਨਾਢਾਂ ਨੂੰ ਪੰਜਾਬ ਦੀ ਸੱਤਾ ਤੋਂ ਪਾਸੇ ਕਰਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਪੰਜਾਬ ਦੀ ਸੱਤਾ ਸੰਭਾਲੀ ਆਪਣੀ ਕੁਰਸੀ ਆਮ ਘਰਾਂ ਦੇ ਨੌਜਵਾਨਾਂ ਕੋਲ ਜਾਣ ਕਰਕੇ ਇਹ ਅੰਦਰੋਂ ਸਤੇ ਪਏ ਹਨ। ਆਪ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿਕਾਸ ਨੂੰ ਨਵੀਆਂ ਲੀਹਾਂ ਤੇ ਤੋਰਨ ਕਰਕੇ ਇਨ੍ਹਾਂ ਵਿਰੋਧੀ ਪਾਰਟੀਆਂ ਕੋਲ ਸਰਕਾਰ ਨੂੰ ਘੇਰਨ ਲਈ ਕੋਈ ਮੁੱਦਾ ਨਾ ਹੋਣ ਕਰਕੇ ਇਹ ਆਏ ਦਿਨ ਅਜਿਹੀ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ ਤਾਂ ਕਿ ਮੀਡੀਆ ਵਿਚ ਇਨ੍ਹਾਂ ਨੂੰ ਜਗ੍ਹਾ ਮਿਲ ਸਕੇ। ਅਖੀਰ ਵਿਚ ਆਪ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਅਜਿਹੇ ਬੇਲਗਾਮ ਲੀਡਰਾਂ ਨੂੰ ਪੰਜਾਬ ਦੇ ਲੋਕ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸਬਕ ਸਿਖਾ ਕੇ ਨੱਥ ਪਾਉਣਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਮਨ ਪੰਡੋਰੀ, ਚੇਅਰਮੈਨ ਮਾਰਕੀਟ ਕਮੇਟੀ ਬੱਧਣੀ ਪਰਮਜੀਤ ਸਿੰਘ ਭੁੱਲਰ, ਚੇਅਰਮੈਨ ਮਾਰਕੀਟ ਕਮੇਟੀ ਬਾਘਾਪੁਰਾਣਾ ਮਨਦੀਪ ਸਿੰਘ ਮਾਨ, ਯੂਥ ਵਿੰਗ ਦੇ ਜ਼ਿਲ੍ਹਾ ਇੰਚਾਰਜ਼ ਮਨਜੀਤ ਸਿੰਘ ਬੁੱਘੀਪੁਰਾ, ਜਿਲ੍ਹਾ ਆਗੂ ਜਤਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੰਬੋਜ਼ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਕਪਿਲ ਧਰਮਕੋਟ, ਯੂਥ ਆਗੂ ਬੰਟੀ ਮੋਗਾ, ਡਾ: ਬਲਵਿੰਦਰ ਗਿਰ, ਅਮਰਜੀਤ ਮਟਵਾਣੀ, ਵਿਪਨ ਨਰੂਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜਰ ਸਨ।