ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤਾ ਵਿਚਾਰ ਵਟਾਂਦਰਾ ਲੋਕਲ ਗੁਰਪੁਰਬ ਕਮੇਟੀ ਦੀ ਇਕ
Publish Date: Fri, 18 Sep 2026 05:04 PM (IST)
Updated Date: Fri, 18 Sep 2026 05:05 PM (IST)
ਲੋਕਲ ਗੁਰਪੁਰਬ ਕਮੇਟੀ ਨੇ ਪ੍ਰਭਾਤ ਫੇਰੀਆਂ ਬਾਰੇ ਕੀਤੀ ਚਰਚਾ ਵਕੀਲ ਮਹਿਰੋ, ਪੰਜਾਬੀ ਜਾਗਰਣ ਮੋਗਾ: ਲੋਕਲ ਗੁਰਪੁਰਬ ਕਮੇਟੀ ਦੀ ਇਕ ਜ਼ਰੂਰੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ, ਮੇਨ ਬਾਜ਼ਾਰ ਮੋਗਾ ਵਿਖੇ ਕਮੇਟੀ ਦੇ ਪ੍ਰਧਾਨ ਸ੍ਰ. ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਖ-ਵੱਖ ਧਾਰਮਿਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪਹਿਲੀ ਪਾਤਸ਼ਾਹੀ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਵਾਈਆਂ ਜਾਣ ਵਾਲੀਆਂ ਧਾਰਮਿਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖਾਸ ਤੌਰ ’ਤੇ ਆਗਮਨ ਪੁਰਬ ਤੋਂ ਪਹਿਲਾਂ ਸਜਾਈਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪ੍ਰਭਾਤ ਫੇਰੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਹਨ। ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਪ੍ਰਭਾਤ ਫੇਰੀਆਂ ਦਾ ਸਮੁੱਚਾ ਪ੍ਰੋਗਰਾਮ, ਰੂਟ ਅਤੇ ਮਿਤੀਆਂ ਸਬੰਧੀ ਅੰਤਿਮ ਫੈਸਲਾ ਕਮੇਟੀ ਦੀ ਅਗਲੀ ਮੀਟਿੰਗ ਵਿਚ ਵਿਚਾਰ-ਵਟਾਂਦਰੇ ਉਪਰੰਤ ਕੀਤਾ ਜਾਵੇਗਾ। ਕਮੇਟੀ ਵੱਲੋਂ ਆਗਾਮੀ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਲੋੜੀਂਦੀਆਂ ਤਿਆਰੀਆਂ ਕਰਨ ਸਬੰਧੀ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਲੋਕਲ ਗੁਰਪੁਰਬ ਕਮੇਟੀ ਰਜਿਸਟਰਡ ਮੋਗਾ ਦੇ ਪ੍ਰਧਾਨ ਬਲਜੀਤ ਸਿੰਘ ਵਿੱਕੀ ਨੇ ਮੋਗਾ ਦੀਆਂ ਸਮੂਹ ਸੰਗਤਾਂ ਦੀ ਜਾਣਕਾਰੀ ਲਈ ਕਮੇਟੀ ਦੀ ਰਜਿਸਟ੍ਰੇਸ਼ਨ ਅਤੇ ਅਹੁਦੇਦਾਰਾਂ ਸਬੰਧੀ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਦੱਸਿਆ ਕਿ ਲੋਕਲ ਗੁਰਪੁਰਬ ਕਮੇਟੀ ਮੋਗਾ ਇਕ ਰਜਿਸਟਰਡ ਕਮੇਟੀ ਹੈ ਅਤੇ ਇਸ ਦੇ ਜਨਰਲ ਸਕੱਤਰ ਬਲਦੇਵ ਸਿੰਘ ਛਾਬੜਾ ਹਨ। ਪ੍ਰਧਾਨ ਬਲਜੀਤ ਸਿੰਘ ਵਿੱਕੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਲੋਕਲ ਗੁਰਪੁਰਬ ਕਮੇਟੀ (ਰਜਿਸਟਰਡ) ਮੋਗਾ ਦਾ ਜਨਰਲ ਸਕੱਤਰ ਦੱਸਦਾ ਹੈ ਤਾਂ ਉਸ ਸਬੰਧੀ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਦਾਅਵੇ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕਮੇਟੀ ਦੇ ਅਹੁਦੇ ਸਬੰਧੀ ਗਲਤ ਦਾਅਵਾ ਕਰਦਾ ਪਾਇਆ ਗਿਆ ਤਾਂ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਹੋਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਸਾਂਝੀਵਾਲਤਾ, ਮਨੁੱਖਤਾ, ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਅੱਜ ਵੀ ਸਮਾਜ ਲਈ ਪ੍ਰੇਰਣਾਦਾਇਕ ਹੈ। ਇਸ ਮੌਕੇ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਤੋਂ ਇਲਾਵਾ ਗੁਰਮੇਜਰ ਸਿੰਘ, ਦਰਸ਼ਨ ਸਿੰਘ ਅਰੋੜਾ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਹਰਵਿੰਦਰ ਸਿੰਘ ਮਘੇੜਾ, ਜਗਸੀਰ ਸਿੰਘ ਮਾਨ, ਸਤਨਾਮ ਸਿੰਘ ਬੀਏ, ਬਲਜਿੰਦਰ ਸਿੰਘ ਸਹਿਗਲ, ਅਮਰੀਕ ਸਿੰਘ ਬਾਰਦਾਨੇ ਵਾਲੇ ਅਤੇ ਹਰਵਿੰਦਰ ਸਿੰਘ ਨੈਸਲੇ ਆਦਿ ਹਾਜ਼ਰ ਸਨ।