ਮੋਗਾ ਦੇ ਵਾਰਡ ਨੰਬਰ ਨੌਂ ਦੇ ਪ੍ਰਾਇਮਰੀ ਸਕੂਲ ਦੀ ਵਿਧਾਨ ਸਭਾ 'ਚ ਹੋਈ ਚਰਚਾ ਮੋਗਾ ਸ਼ਹਿਰ ਦੇ ਵਾਰਡ ਨੰਬਰ ਨੌਂ ਦੇ ਸਰਕਾਰੀ
Publish Date: Sat, 08 Aug 2026 03:41 PM (IST)
Updated Date: Sun, 09 Aug 2026 04:02 AM (IST)
ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਨੇ ਸਿੱਖਿਆ ਕ੍ਰਾਂਤੀ ਤਹਿਤ ਕੀਤਾ ਉਚੇਚਾ ਜ਼ਿਕਰ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਵਾਰਡ ਨੰਬਰ ਨੌਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੰਜਾਬ ਦੀ ਵਿਧਾਨ ਸਭਾ ਅੰਦਰ ਸਿੱਖਿਆ ਕ੍ਰਾਂਤੀ ਤਹਿਤ ਉਚੇਚੇ ਤੌਰ ਤੇ ਚਰਚਾ ਹੋਣੀ ਬੇਹੱਦ ਮਾਣ ਅਤੇ ਫਖ਼ਰ ਵਾਲੀ ਗੱਲ ਹੈ। ਇਹ ਸ਼ਬਦ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਭਾਈ ਹਰਜਿੰਦਰ ਸਿੰਘ ਰੋਡੇ ਨੇ ਇਸ ਸਕੂਲ ਬਾਰੇ ਗੱਲਬਾਤ ਕਰਦਿਆਂ ਕਹੇ। ਚੇਅਰਮੈਨ ਰੋਡੇ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਰਿਵਾਰ ਨੇ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ ਨੌਂ ਦੇ ਐਮ ਸੀ ਵਜੋਂ ਸੇਵਾ ਕਰਦਿਆਂ ਇਸ ਸਕੂਲ ਦੀ ਉਚੇਚੇ ਤੌਰ ਤੇ ਨਵੀਂ ਖ਼ੂਬਸੂਰਤ ਇਮਾਰਤ ਤਾਮੀਰ ਕਰਵਾਈ ਅਤੇ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਵਿੱਚ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਰਹਿਨੁਮਾਈ ਹੇਠ ਤਿਆਰ ਕਰਵਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਹ ਖਸਤਾ ਹਾਲਤ ਸਕੂਲ ਹੁਣ ਮਾਡਲ ਸਕੂਲ ਬਣ ਕੇ ਮੋਗਾ ਦੇ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਨਾਲ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੰਜਾਬ ਨੂੰ ਸਿੱਖਿਆ ਦੇ ਖ਼ੇਤਰ ਵਿਚ ਨੰਬਰ ਇੱਕ ਬਣਾਉਣ ਦਾ ਸੰਕਲਪ ਪੂਰਾ ਹੋਇਆ ਹੈ। ਚੇਅਰਮੈਨ ਰੋਡੇ ਨੇ ਅੱਗੇ ਦੱਸਿਆ ਕਿ ਸਕੂਲ ਦੀ ਕਾਇਆ ਕਲਪ ਕਰਨ ਦਾ ਸਿਹਰਾ ਹਲਕੇ ਦੀ ਵਿਧਾਇਕਾ ਬੀਬੀ ਅਮਨਦੀਪ ਕੌਰ ਅਰੋੜਾ ਜੀ ਦੇ ਸਿਰ ਬੱਝਦਾ ਹੈ ਜਿਨ੍ਹਾਂ ਦੇ ਉਚੇਚੇ ਯਤਨਾਂ ਸਦਕਾ ਸਾਡਾ ਇਹ ਸੁਪਨਾ ਸਾਕਾਰ ਹੋਇਆ ਹੈ। ਜੇਕਰ ਸਰਕਾਰੀ ਸਕੂਲ ਵਧੀਆ ਹੋਣਗੇ ਅਤੇ ਉਨ੍ਹਾਂ ਦਾ ਬੁਨਿਆਦੀ ਢਾਂਚਾ ਚੰਗਾ ਹੋਵੇਗਾ ਤਾਂ ਸਾਡੇ ਬੱਚੇ ਚੰਗੀ ਪੜ੍ਹਾਈ ਕਰਕੇ ਚੰਗੇ ਰੁਤਬਿਆਂ ਤੇ ਪਹੁੰਚਣਗੇ। ਸਕੂਲ ਦੀ ਗੂੰਜ ਵਿਧਾਨ ਸਭਾ ਵਿਚ ਪੈਣ ਦੇ ਕੀ ਹਨ ਕਾਰਨ : ਮੋਗਾ ਹਲਕੇ ਅੰਦਰ ਚਾਰ ਸਕੂਲਾਂ ਦੀਆਂ ਇਮਾਰਤਾਂ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਗਈ ਹੈ। ਇਹ ਕਹਿ ਸਕਦੇ ਹਾਂ ਸ਼ਹਿਰ ਵਾਸੀਆਂ ਨੂੰ ਚਾਰ ਨਵੇਂ ਸਕੂਲ ਮਿਲੇ ਹਨ ਜਿਥੇ ਉਨ੍ਹਾਂ ਦੇ ਬੱਚੇ ਹੁਣ ਉਚ ਪਾਏ ਦੀ ਸਿੱਖਿਆ ਹਾਸਿਲ ਕਰ ਰਹੇ ਹਨ। ਪਹਿਲਾਂ ਕਈ ਸਕੂਲ ਕੁਝ ਮਰਲੇ ਜਗ੍ਹਾ ਵਿਚ ਇਕੋ ਕਮਰੇ ਵਿਚ ਚੱਲ ਰਹੇ ਸਨ ਪਰ ਅਜਿਹੇ ਖਸਤਾ ਹਾਲਤ ਸਕੂਲ ਹੁਣ ਡੇਢ ਏਕੜ ਜਗ੍ਹਾ ਵਿਚ ਦੋ ਮੰਜ਼ਲਾ ਇਮਾਰਤ ਵਿਚ ਵਿਦਿਆ ਦਾ ਚਾਨਣ ਬਿਖੇਰ ਰਹੇ ਹਨ। ਇਹੋ ਕਾਰਨ ਹੈ ਕਿ ਇਨ੍ਹਾਂ ਚਾਰ ਸਕੂਲਾਂ ਦੀ ਸਮੇਤ ਵਾਰਡ ਨੰਬਰ ਨੌਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਰਚਾ ਪੰਜਾਬ ਦੀ ਵਿਧਾਨ ਸਭਾ ਵਿੱਚ ਛਿੜੀ ਹੈ।