ਗੁਰਮੀਤ ਕੜਿਆਲਵੀ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ ਕਹਾਣ ੀਕਾਰ, ਵਾਰਤ ਕਕਾਰ,
Publish Date: Fri, 09 Oct 2026 03:37 PM (IST)
Updated Date: Fri, 09 Oct 2026 03:38 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਕਹਾਣੀਕਾਰ, ਵਾਰਤਕਕਾਰ, ਕਵੀ ਅਤੇ ਸਾਹਿਤ ਦੀਆਂ ਹੋਰ ਬਹੁਤ ਸਾਰੀਆਂ ਵਿਧਾਵਾਂ ਉੱਪਰ ਹੱਥ ਅਜ਼ਮਾਈ ਕਰਨ ਵਾਲੇ ਪ੍ਰਸਿੱਧ ਲੇਖਕ ਗੁਰਮੀਤ ਕੜਿਆਲਵੀ ਦੇ ਨਵੇਂ ਕਹਾਣੀ ਸੰਗ੍ਰਹਿ ਗਲੇਸ਼ੀਅਰ ਨੂੰ ਲੋਕ ਅਰਪਣ ਕਰਨ ਦੀ ਰਸਮ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੀ ਡਾਇਰੈਕਟਰ ਵਿੰਮੀ ਭੁੱਲਰ ਆਈਏਐੱਸ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਪੁਸਤਕ ਦੇ ਲੇਖਕ ਗੁਰਮੀਤ ਕੜਿਆਲਵੀ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੇਖਕ ਬਹੁਤ ਹੀ ਸੰਵੇਦਨਸ਼ੀਲ ਪ੍ਰਾਣੀ ਹੁੰਦਾ ਹੈ ਅਤੇ ਸਮਾਜ ਨੂੰ ਦਰਪੇਸ਼ ਸਮੱਸਿਆ ਉਸ ਨੂੰ ਕਲਮ ਚਲਾਉਣ ਲਈ ਮਜ਼ਬੂਰ ਕਰਦੀਆਂ ਹਨ। ਆਪਣੀ ਸੰਵੇਦਨਸ਼ੀਲਤਾ ਕਰਕੇ ਹੀ ਲੇਖਕ ਆਪਣੀ ਲੇਖਣੀ ਰਾਹੀਂ ਸਮਾਜ ਨੂੰ ਸੋਹਣਾ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਡਾਇਰੈਕਟਰ ਵਿੰਮੀ ਭੁੱਲਰ ਨੇ ਆਸ ਪ੍ਰਗਟਾਈ ਕਿ ਗੁਰਮੀਤ ਕੜਿਆਲਵੀ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਲੇਖਣੀ ਰਾਹੀਂ ਲੋਕਾਂ ਦੀ ਗੱਲ ਕਰਦਾ ਰਹੇਗਾ। ਇਸ ਮੌਕੇ ’ਤੇ ਮੌਜੂਦ ਪ੍ਰਧਾਨ ਮੰਤਰੀ ਆਦਰਸ਼ ਸਕੀਮ ਦੇ ਨੋਡਲ ਅਧਿਕਾਰੀ ਆਸ਼ੀਸ਼ ਕਥੂਰੀਆ ਨੇ ਗੁਰਮੀਤ ਕੜਿਆਲਵੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੀਤ ਦੀਆਂ ਬਹੁਤ ਸਾਰੀਆਂ ਰਚਨਾਵਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਸਹਾਇਕ ਨੋਡਲ ਅਧਿਕਾਰੀ ਅਤੇ ਸ਼ਾਇਰ ਦੀਪ ਜਗਦੀਪ ਨੇ ਗੁਰਮੀਤ ਕੜਿਆਲਵੀ ਨੂੰ ਮੁਬਾਰਕਾਂ ਦਿੰਦਿਆਂ ਉਸਦੀ ਬਹੁਪੱਖੀ ਸ਼ਖ਼ਸ਼ੀਅਤ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕੜਿਆਲਵੀ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਸਿਰਜਣਾ ਵਿਚ ਤਨਦੇਹੀ ਨਾਲ ਜੁਟਿਆ ਹੋਇਆ ਹੈ। ਜਗਦੀਪ ਸ਼ਰਮਾ ਨੇ ਕਿਹਾ ਕਿ ਗੁਰਮੀਤ ਕੜਿਆਲਵੀ ਸਮਾਜ ਦੇ ਹਾਸ਼ੀਆਗਤ ਵਰਗ ਦਾ ਲੇਖਕ ਹੈ।ਇਸ ਮੌਕੇ ਰਵਿੰਦਰਪਾਲ ਸਿੰਘ ਸੰਧੂ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਨੋਡਲ ਅਧਿਕਾਰੀ ਨੇ ਲੇਖਕ ਦੇ ਜੀਵਨ ਸੰਘਰਸ਼ ਬਾਰੇ ਦੱਸਿਆ। ਮਨਮੋਹਨ ਕੌਰ ਨਿੱਜੀ ਸਕੱਤਰ ਅਤੇ ਸੁਖਵਿੰਦਰ ਕੌਰ ਨੇ ਵੀ ਗੁਰਮੀਤ ਨੂੰ ਨਵੀਂ ਪੁਸਤਕ ਦੀ ਪ੍ਰਕਾਸ਼ਨਾਂ ਦੀਆਂ ਮੁਬਾਰਕਾਂ ਦਿੱਤੀਆਂ। ਵਰਿੰਦਰ ਸਿੰਘ ਸੁਪਰਡੈਂਟ ਸਮੇਤ ਵਿਭਾਗ ਦੇ ਹੋਰ ਕਈ ਕਰਮਚਾਰੀ ਵੀ ਇਸ ਮੌਕੇ ਹਾਜ਼ਰ ਸਨ।