ਧਰਮਕੋਟ ਰੈਲੀ ਬਦਲੇਗੀ ਹਲਕੇ ਦੇ ਸਿਆਸੀ ਸਮੀਕਰਨ : ਮੂਸੇਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ
Publish Date: Tue, 08 Sep 2026 06:57 PM (IST)
Updated Date: Tue, 08 Sep 2026 06:58 PM (IST)
ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ ਵਿਖੇ ਅੱਜ ਕੀਤੀ ਜਾ ਰਹੀ ਵਿਸ਼ਾਲ ਰੈਲੀ ਹਲਕੇ ਦੇ ਸਿਆਸੀ ਸਮੀਕਰਨ ਬਦਲਣ ਵਿਚ ਅਹਿਮ ਭੂਮਿਕਾ ਨਿਭਾਏਗੀ। ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ਅਤੇ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਕੋਟ ਈਸੇ ਖਾਂ ਦੇ ਪ੍ਰਧਾਨ ਚਰਨਜੀਤ ਸਿੰਘ ਮੂਸੇਵਾਲ ਨੇ ਇਕ ਪ੍ਰੈੱਸ ਮਿਲਣੀ ਦੌਰਾਨ ਕੀਤਾ। ਚਰਨਜੀਤ ਸਿੰਘ ਮੂਸੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਨੂੰ ਲੈ ਕੇ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਵਿਚ ਵਿਸ਼ੇਸ਼ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਧਰਮਕੋਟ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਪਾਰਟੀ ਸਮਰਥਕ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਪਾਰਟੀ ਦੀ ਮਜ਼ਬੂਤ ਜਥੇਬੰਦਕ ਬਣਤਰ ਅਤੇ ਵਰਕਰਾਂ ਦੀ ਮਿਹਨਤ ਸਦਕਾ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਲੋਕ ਸੂਬੇ ਦੀ ਰਾਜਨੀਤੀ ਨੂੰ ਬੜੀ ਗੰਭੀਰਤਾ ਨਾਲ ਦੇਖ ਰਹੇ ਹਨ ਅਤੇ ਰੈਲੀ ਦੌਰਾਨ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਜਾਣਗੇ। ਸਰਕਲ ਪ੍ਰਧਾਨ ਨੇ ਕਿਹਾ ਕਿ ਕੋਟ ਈਸੇ ਖਾਂ ਸਰਕਲ ਦੇ ਵਰਕਰ ਵੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਧਰਮਕੋਟ ਪਹੁੰਚ ਕੇ ਰੈਲੀ ਨੂੰ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਇਹ ਰੈਲੀ ਸਿਰਫ਼ ਇਕ ਸਿਆਸੀ ਇਕੱਠ ਨਹੀਂ, ਸਗੋਂ ਅਕਾਲੀ ਦਲ ਦੇ ਵਰਕਰਾਂ ਦੀ ਏਕਤਾ, ਜੋਸ਼ ਅਤੇ ਪਾਰਟੀ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਤੋਂ ਬਾਅਦ ਧਰਮਕੋਟ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਸ਼ੁਰੂ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਸਿਆਸੀ ਪ੍ਰਭਾਵ ਵੀ ਦੇਖਣ ਨੂੰ ਮਿਲਣਗੇ।