ਹੋਲੀ ਹਾਰਟ ਸਕੂਲ ’ਚ ਸਰਗਰਮੀ ਕਰਵਾਈ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ
Publish Date: Thu, 23 Jul 2026 04:40 PM (IST)
Updated Date: Thu, 23 Jul 2026 04:43 PM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ : ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ੇਸ਼ ਪ੍ਰੇਰਣਾਦਾਇਕ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿਚ ਆਤਮ-ਵਿਸ਼ਵਾਸ, ਧੀਰਜ, ਇਕਾਗਰਤਾ, ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਵਿਕਸਿਤ ਕਰਨਾ ਸੀ। ਸਕੂਲ ਦੇ ਅਧਿਆਪਕਾਂ ਦੀ ਅਗਵਾਈ ਹੇਠ ਬੱਚਿਆਂ ਨੇ ਵੱਖ-ਵੱਖ ਦਿਲਚਸਪ ਅਤੇ ਸਿੱਖਿਆਤਮਕ ਗੇਮਾਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਗੇਮਾਂ ਦੌਰਾਨ ਵਿਦਿਆਰਥੀਆਂ ਨੂੰ ਅਜਿਹੀਆਂ ਚੁਣੌਤੀਆਂ ਦਿੱਤੀਆਂ ਗਈਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਇਕਾਗਰ ਰਹਿ ਕੇ ਕੰਮ ਕਰਨਾ, ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣਾ ਅਤੇ ਟੀਮ ਦੇ ਨਾਲ ਮਿਲ ਕੇ ਸਫ਼ਲਤਾ ਪ੍ਰਾਪਤ ਕਰਨ ਦੀ ਮਹੱਤਤਾ ਨੂੰ ਸਮਝਿਆ। ਬੱਚਿਆਂ ਨੇ ਖੇਡ-ਖੇਡ ਵਿਚ ਇਹ ਸਿੱਖਿਆ ਕਿ ਜੇਕਰ ਮਨ ਵਿਚ ਆਤਮ-ਵਿਸ਼ਵਾਸ ਅਤੇ ਲਗਨ ਹੋਵੇ ਤਾਂ ਹਰ ਔਖੇ ਕੰਮ ਨੂੰ ਵੀ ਆਸਾਨ ਬਣਾਇਆ ਜਾ ਸਕਦਾ ਹੈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਅਜਿਹੀਆਂ ਪ੍ਰਯੋਗਾਤਮਕ ਅਤੇ ਮੋਟੀਵੇਸ਼ਨਲ ਗਤੀਵਿਧੀਆਂ ਵੀ ਜੀਵਨ ਵਿਚ ਸਫ਼ਲਤਾ ਹਾਸਲ ਕਰਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਬੱਚਿਆਂ ਨੂੰ ਹਰ ਸਥਿਤੀ ਵਿਚ ਹੌਂਸਲਾ ਬਣਾਈ ਰੱਖਣ, ਆਪਣੀਆਂ ਯੋਗਤਾਵਾਂ ਤੇ ਵਿਸ਼ਵਾਸ ਕਰਨ ਅਤੇ ਸਦਾ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ, ਬੌਧਿਕ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਗੇਮਾਂ ਬੱਚਿਆਂ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ, ਸਹਿਯੋਗ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ ਦਾ ਵਿਕਾਸ ਕਰਦੀਆਂ ਹਨ। ਅੰਤ ਵਿੱਚ ਵਿਦਿਆਰਥੀਆਂ ਨੇ ਇਸ ਗਤੀਵਿਧੀ ਦਾ ਭਰਪੂਰ ਆਨੰਦ ਮਾਣਿਆ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਨਿਯਮਿਤ ਤੌਰ ਤੇ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਸਕੂਲ ਪ੍ਰਬੰਧਕ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸ਼ਿਵਾਨੀ ਅਰੋੜਾ,ਰਮਨ ਅਰੋੜਾ ਨੇ ਵੀ ਕਿਹਾ ਕਿ ਭਵਿੱਖ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਅਤੇ ਸਿੱਖਿਆਤਮਕ ਗਤੀਵਿਧੀਆਂ ਲਗਾਤਾਰ ਕਰਵਾਈਆਂ ਜਾਂਦੀਆਂ ਰਹਿਣਗੀਆਂ, ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿੱਚ ਵੀ ਸਫਲ ਹੋ ਸਕਣ।