16 ਜੁਲਾਈ ਤੱਕ ਰਥ ਯਾਤਰਾ ਦਾ ਸਾਰਾ ਮਾਰਗ ਹੋਵੇਗਾ ਚਮਕਦਾਰ ਮੋਗਾ ਵਿਚ 17 ਜੁਲਾਈ ਨੂੰ ਨਿਕਲਣ ਵਾਲੀ
Publish Date: Tue, 14 Jul 2026 06:30 PM (IST)
Updated Date: Wed, 15 Jul 2026 04:06 AM (IST)
17 ਜੁਲਾਈ ਨੂੰ ਨਿਕਲਣ ਵਾਲੀ ਵਿਸ਼ਾਲ ਰਥ ਯਾਤਰਾ ਲਈ ਸਫ਼ਾਈ ਕਰਮਚਾਰੀਆਂ ਦਾ ਸਰਾਹਣਯੋਗ ਫ਼ੈਸਲਾ ਕਿਹਾ ਸਾਡਾ ਸੰਘਰਸ਼ ਸਰਕਾਰ ਨਾਲ ਹੈ, ਪ੍ਰਭੂ ਨਾਲ ਨਹੀਂ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਵਿਚ 17 ਜੁਲਾਈ ਨੂੰ ਨਿਕਲਣ ਵਾਲੀ ਭਗਵਾਨ ਜਗੰਨਾਥ ਜੀ ਦੀ ਵਿਸ਼ਾਲ ਰਥ ਯਾਤਰਾ ਤੋਂ ਪਹਿਲਾਂ ਇਕ ਅਜਿਹਾ ਫ਼ੈਸਲਾ ਸਾਹਮਣੇ ਆਇਆ ਹੈ, ਜਿਸ ਦੀ ਸ਼ਹਿਰ ਭਰ ਵਿਚ ਸਰਾਹਨਾ ਹੋ ਰਹੀ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਭਾਵੇਂ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਪਰ ਪ੍ਰਭੂ ਜਗੰਨਾਥ ਜੀ ਦੀ ਰਥ ਯਾਤਰਾ ਦੇ ਪਵਿੱਤਰ ਮਾਰਗ ਦੀ ਸਫ਼ਾਈ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਯੂਨੀਅਨ ਨੇ ਭਰੋਸਾ ਦਿੱਤਾ ਹੈ ਕਿ 16 ਜੁਲਾਈ ਦੀ ਸ਼ਾਮ ਤੱਕ ਪੂਰਾ ਰਸਤਾ ਸਾਫ਼-ਸੁਥਰਾ ਅਤੇ ਚਮਕਦਾਰ ਕਰ ਦਿੱਤਾ ਜਾਵੇਗਾ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਰ ਸਾਲ ਇਸਕਾਨ ਕਮੇਟੀ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਜਾਣ ਵਾਲੀ ਭਗਵਾਨ ਜਗੰਨਾਥ ਜੀ ਦੀ ਰਥ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਵਾਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਰਥ ਯਾਤਰਾ ਦੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਿਚ ਸਫ਼ਾਈ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਸੀ ਪਰ ਸਫ਼ਾਈ ਕਰਮਚਾਰੀਆਂ ਦੇ ਇਸ ਫ਼ੈਸਲੇ ਨੇ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ। ਇਸ ਮੌਕੇ ਨਵਦੀਪ ਗੁਪਤਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੱਚੀ ਭਗਤੀ ਹਰ ਕਿਸਮ ਦੇ ਮਤਭੇਦ ਅਤੇ ਸੰਘਰਸ਼ ਤੋਂ ਉੱਚੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਲੜਦੇ ਹੋਏ ਵੀ ਕਰਮਚਾਰੀਆਂ ਨੇ ਪ੍ਰਭੂ ਦੇ ਕਾਰਜ ਨੂੰ ਪਹਿਲ ਦਿੱਤੀ ਹੈ, ਜੋ ਸਮਾਜ ਲਈ ਇਕ ਪ੍ਰੇਰਣਾਦਾਇਕ ਸੰਦੇਸ਼ ਹੈ। ਭਗਵਾਨ ਜਗਨ ਨਾਥ ਜੀ ਦੀ ਵਿਸ਼ਾਲ ਰਥ ਯਾਤਰਾ 17 ਜੁਲਾਈ ਨੂੰ ਦੁਪਹਿਰ 3 ਵਜੇ ਥਾਣਾ ਸਿਟੀ-1 ਦੇ ਪਿੱਛੇ ਸਥਿਤ ਪਾਰਕਿੰਗ ਤੋਂ ਆਰੰਭ ਹੋਵੇਗੀ। ਯਾਤਰਾ ਦੇਵ ਹੋਟਲ, ਆਰੀਆ ਸਕੂਲ, ਨਿਊ ਟਾਊਨ, ਜਵਾਹਰ ਨਗਰ, ਵਾਲਮੀਕਿ ਚੌਂਕ ਅਤੇ ਗੀਤਾ ਭਵਨ ਚੌਂਕ ਤੋਂ ਹੁੰਦੀ ਹੋਈ ਗੀਤਾ ਭਵਨ ਵਿਖੇ ਪਹੁੰਚੇਗੀ। ਉੱਥੇ ਧਾਰਮਿਕ ਸਮਾਗਮ, ਭਜਨ-ਕੀਰਤਨ ਅਤੇ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਸ਼ਮੂਲੀਅਤ ਦੀ ਉਮੀਦ ਜਤਾਈ ਜਾ ਰਹੀ ਹੈ। ਹੜਤਾਲ ਬਾਰੇ ਫ਼ੈਸਲਾ ਸਰਕਾਰ ਦੇ ਪੱਧਰ ਤੇ ਹੀ ਹੋਵੇਗਾ: ਮੇਅਰ ਮੋਗਾ ਦੀ ਮੇਅਰ ਵਿਨੇ ਪਾਲ ਕੌਰ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਬੰਧੀ ਮਾਮਲਾ ਰਾਜ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਇਸ ਬਾਰੇ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਪਣੇ ਪੱਧਰ ਤੇ ਸੀਮਤ ਅਧਿਕਾਰ ਰੱਖਦਾ ਹੈ ਅਤੇ ਹੜਤਾਲ ਸਬੰਧੀ ਅੰਤਿਮ ਫ਼ੈਸਲਾ ਰਾਜ ਸਰਕਾਰ ਵੱਲੋਂ ਹੀ ਲਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਨਿਕਲੇਗਾ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਮੁੜ ਪੂਰੀ ਤਰ੍ਹਾਂ ਬਹਾਲ ਹੋ ਸਕੇ।