ਹੜਤਾਲ ਦੇ ਬਾਵਜੂਦ ਸਫਾਈ ਕਾਮਿਆਂ ਨੇ ਨਿਭਾਇਆ ਫਰਜ਼ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ
Publish Date: Thu, 16 Jul 2026 06:28 PM (IST)
Updated Date: Thu, 16 Jul 2026 06:31 PM (IST)
ਭਗਵਾਨ ਜਗਨਨਾਥ ਰੱਥ ਯਾਤਰਾਂ ਨੂੰ ਲੈ ਕੇ ਕੀਤੀ ਸਫਾਈ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਰਾਜ ਸਰਕਾਰ ਖ਼ਿਲਾਫ਼ ਹੜਤਾਲ ’ਤੇ ਬੈਠੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਧਾਰਮਿਕ ਆਸਥਾ, ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਇਕ ਵਾਰ ਫਿਰ ਆਪਣੀ ਸੇਵਾ ਭਾਵਨਾ ਦਾ ਪ੍ਰਮਾਣ ਦਿੱਤਾ ਹੈ। ਹੜਤਾਲ ਜਾਰੀ ਹੋਣ ਦੇ ਬਾਵਜੂਦ ਸਫ਼ਾਈ ਕਰਮਚਾਰੀਆਂ ਨੇ ਭਗਵਾਨ ਜਗਨਨਾਥ ਜੀ ਦੀ ਪਵਿੱਤਰ ਰਥ ਯਾਤਰਾ ਦੇ ਪੂਰੇ ਮਾਰਗ ਦੀ ਸਫਾਈ ਕਰਕੇ ਕੂੜੇ ਦੇ ਸਾਰੇ ਢੇਰ ਹਟਾ ਦਿੱਤੇ ਅਤੇ ਰਸਤੇ ਨੂੰ ਚਮਕਦਾਰ ਬਣਾਇਆ। ਇਸ ਦੇ ਨਾਲ-ਨਾਲ ਪੂਰੇ ਮਾਰਗ ਤੇ ਡੀਡੀਟੀ ਦਾ ਛਿੜਕਾਅ ਵੀ ਕੀਤਾ ਗਿਆ ਤਾਂ ਜੋ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਮਿਲ ਸਕੇ। ਸਫਾਈ ਕਰਮਚਾਰੀਆਂ ਨੇ ਪਹਿਲਾਂ ਹੀ ਰਥ ਯਾਤਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿੱਤਾ ਸੀ ਕਿ ਹੜਤਾਲ ਦੇ ਬਾਵਜੂਦ ਧਾਰਮਿਕ ਸਮਾਗਮ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਪਣਾ ਇਹ ਵਾਅਦਾ ਪੂਰੀ ਇਮਾਨਦਾਰੀ ਨਾਲ ਨਿਭਾਉਂਦਿਆਂ ਯਾਤਰਾ ਮਾਰਗ ਦੀ ਮੁਕੰਮਲ ਸਫ਼ਾਈ ਕੀਤੀ। ਕਰਮਚਾਰੀਆਂ ਨੇ ਕਿਹਾ ਕਿ ਭਾਵੇਂ ਉਹ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਧਾਰਮਿਕ ਭਾਵਨਾਵਾਂ ਅਤੇ ਸ਼ਹਿਰ ਦੇ ਲੋਕਾਂ ਦੀਆਂ ਆਸਥਾਵਾਂ ਦਾ ਸਤਿਕਾਰ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੰਘਰਸ਼ ਆਪਣੀ ਜਗ੍ਹਾ ਹੈ ਪਰ ਧਾਰਮਿਕ ਸਮਾਗਮਾਂ ਨੂੰ ਪ੍ਰਭਾਵਿਤ ਕਰਨਾ ਉਨ੍ਹਾਂ ਦਾ ਮਕਸਦ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਵੀ ਸ਼ਹਿਰ ਦੇ ਲੋਕਾਂ ਦੇ ਹਿੱਤ ਜਾਂ ਧਾਰਮਿਕ ਭਾਵਨਾਵਾਂ ਦਾ ਸਵਾਲ ਆਵੇਗਾ ਤਾਂ ਸਫਾਈ ਕਰਮਚਾਰੀ ਹਮੇਸ਼ਾ ਆਪਣਾ ਫ਼ਰਜ਼ ਨਿਭਾਉਣ ਲਈ ਅੱਗੇ ਰਹਿਣਗੇ। ਇਸ ਮੌਕੇ ਸ਼ਹਿਰ ਨਿਵਾਸੀ ਗਗਨ ਨੌਹਰੀਆ ਨੇ ਸਫ਼ਾਈ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜਤਾਲ ਦੇ ਬਾਵਜੂਦ ਕਰਮਚਾਰੀਆਂ ਵੱਲੋਂ ਦਿੱਤਾ ਗਿਆ ਇਹ ਸਹਿਯੋਗ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੀ ਬਦੌਲਤ ਰਥ ਯਾਤਰਾ ਦਾ ਮਾਰਗ ਪੂਰੀ ਤਰ੍ਹਾਂ ਸਾਫ਼ ਅਤੇ ਸੁੰਦਰ ਦਿਖਾਈ ਦੇ ਰਿਹਾ ਹੈ, ਜਿਸ ਨਾਲ ਹਜ਼ਾਰਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਸੁਮਿਤ ਪੁਜਾਨਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਆਪਣਾ ਕੰਮ ਹੀ ਨਹੀਂ ਕਰਦੇ, ਸਗੋਂ ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਉਨ੍ਹਾਂ ਦੇ ਇਸ ਯੋਗਦਾਨ ਲਈ ਪੂਰਾ ਸ਼ਹਿਰ ਉਨ੍ਹਾਂ ਦਾ ਧੰਨਵਾਦੀ ਹੈ। ਸ਼ਹਿਰ ਵਾਸੀ ਵਿਨੋਦ ਕੁਮਾਰ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੇ ਆਪਣੇ ਫ਼ਰਜ਼ ਨੂੰ ਪਹਿਲ ਦੇ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ। ਪੂਰੇ ਮਾਰਗ ਨੂੰ ਰੰਗ-ਬਿਰੰਗੀਆਂ ਸਜਾਵਟਾਂ, ਝੰਡੀਆਂ ਅਤੇ ਆਕਰਸ਼ਕ ਰੌਸ਼ਨੀ ਨਾਲ ਸਜਾਇਆ ਜਾ ਰਿਹਾ ਹੈ। ਸ਼ਰਧਾਲੂਆਂ ਲਈ ਪੀਣ ਵਾਲੇ ਪਾਣੀ, ਹੋਰ ਸਹਾਇਤਾ, ਟ੍ਰੈਫਿਕ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਰਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਆਪਣੇ ਆਖ਼ਰੀ ਪੜਾਅ ਵਿਚ ਹਨ, ਉਨ੍ਹਾਂ ਦੇਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ। ਕਮੇਟੀ ਨੂੰ ਭਰੋਸਾ ਹੈ ਕਿ ਇਸ ਵਾਰ ਦੀ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਪਹਿਲਾਂ ਨਾਲੋਂ ਵੀ ਵਧੇਰੇ ਭਵਿਆ, ਸੁਚੱਜੀ ਅਤੇ ਯਾਦਗਾਰ ਸਾਬਤ ਹੋਵੇਗੀ।