ਡਿਪਟੀ ਮੇਅਰ ਨੇ ਇੰਟਰਲਾਕਿੰਗ ਟਾਈਲਾਂ ਲਗਵਾ ਕੇ 50 ਸਾਲ ਪੁਰਾਣੀ ਸਮੱਸਿਆ ਕੀਤੀ ਦੂਰ ਪੁਰਾਣੀ ਦਾਣਾ ਮੰਡੀ ਸਥਿਤ
Publish Date: Tue, 10 Nov 2026 03:46 PM (IST)
Updated Date: Wed, 11 Nov 2026 04:00 AM (IST)
ਹੁਣ ਸੱਤ ਦਿਨਾਂ ’ਚ ਸੀਵਰੇਜ ਲਾਈਨ ਦੀ ਸਫ਼ਾਈ ਕਰਵਾਉਣ ਦਾ ਵੀ ਦਿੱਤਾ ਭਰੋਸਾ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਪੁਰਾਣੀ ਦਾਣਾ ਮੰਡੀ ਸਥਿਤ ਵਾਰਡ ਨੰਬਰ 38 ਵਿਚ ਭਾਰਤ ਮਾਤਾ ਮੰਦਰ ਵਾਲੇ ਪਾਸੇ ਤੋਂ ਲੇਖਰਾਮ ਦੇਸ ਰਾਜ ਵੱਲ ਜਾਣ ਵਾਲੀ ਗਲੀ ਦੀ ਪਿਛਲੇ ਕਰੀਬ 50 ਸਾਲਾਂ ਤੋਂ ਚੱਲੀ ਆ ਰਹੀ ਸੜਕ ਸਬੰਧੀ ਸਮੱਸਿਆ ਦਾ ਆਖ਼ਰਕਾਰ ਹੱਲ ਹੋ ਗਿਆ ਹੈ। ਡਿਪਟੀ ਮੇਅਰ ਗੌਰਵ ਗਰਗ ਨੇ ਸ਼੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਰਜਿਸਟਰਡ ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਦਿਨੇਸ਼ ਗੁਪਤਾ ਦੇ ਸਹਿਯੋਗ ਨਾਲ ਇਸ ਗਲੀ ਵਿਚ 7200 ਇੰਟਰਲਾਕਿੰਗ ਟਾਈਲਾਂ ਲਗਵਾ ਕੇ ਇਸ ਦਾ ਕਾਇਆਕਲਪ ਕਰਵਾ ਦਿੱਤਾ ਹੈ। ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਪਏ ਰਸਤੇ ਦੇ ਸੁਧਾਰ ਨਾਲ ਇਲਾਕੇ ਦੇ ਦੁਕਾਨਦਾਰਾਂ, ਵਪਾਰੀਆਂ, ਸਥਾਨਕ ਵਸਨੀਕਾਂ ਅਤੇ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਵਿਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਇਹ ਗਲੀ ਵਾਰਡ ਨੰਬਰ 38 ਦਾ ਇਕ ਮਹੱਤਵਪੂਰਨ ਵਪਾਰਕ ਖੇਤਰ ਹੈ, ਜਿੱਥੇ ਪਿਛਲੇ ਲਗਭਗ 60 ਸਾਲਾਂ ਤੋਂ ਕਈ ਵਪਾਰੀ ਅਤੇ ਦੁਕਾਨਦਾਰ ਆਪਣਾ ਕਾਰੋਬਾਰ ਕਰ ਰਹੇ ਹਨ। ਇਲਾਕੇ ਦੇ ਲੋਕਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਇਸ ਵਾਰਡ ਤੋਂ ਨਗਰ ਨਿਗਮ ਦੇ ਕਈ ਪ੍ਰਮੁੱਖ ਅਹੁਦਿਆਂ ਤੇ ਨੁਮਾਇੰਦੇ ਰਹਿ ਚੁੱਕੇ ਹਨ। ਗਲੀ ਵਿੱਚ ਇੰਟਰਲਾਕਿੰਗ ਟਾਈਲਾਂ ਲਗਵਾਉਣ ਤੋਂ ਬਾਅਦ ਡਿਪਟੀ ਮੇਅਰ ਗੌਰਵ ਗਰਗ ਨੇ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਇਕ ਹੋਰ ਮਹੱਤਵਪੂਰਨ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਗਲੀ ਵਿੱਚ ਵੱਡੀਆਂ ਲਾਈਟਾਂ ਲਗਵਾਉਣ ਦਾ ਵੀ ਭਰੋਸਾ ਦਿੱਤਾ, ਜਿਸ ਨਾਲ ਰਾਤ ਸਮੇਂ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦੌਰਾਨ ਪਾਣੀ ਖੜ੍ਹਾ ਹੋਣਾ ਅਤੇ ਰਾਤ ਸਮੇਂ ਲੋੜੀਂਦੀ ਰੌਸ਼ਨੀ ਦੀ ਘਾਟ ਲੰਮੇ ਸਮੇਂ ਤੋਂ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ। ਜੇਕਰ ਸੀਵਰੇਜ ਲਾਈਨ ਦੀ ਸਫ਼ਾਈ ਅਤੇ ਵੱਡੀਆਂ ਲਾਈਟਾਂ ਲਗਾਉਣ ਦਾ ਕੰਮ ਵੀ ਨਿਰਧਾਰਤ ਸਮੇਂ ਅੰਦਰ ਪੂਰਾ ਹੋ ਜਾਂਦਾ ਹੈ ਤਾਂ ਇਸ ਇਲਾਕੇ ਦੀ ਇੱਕ ਵੱਡੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ। ਇਸ ਮੌਕੇ ਚੰਦਰਸ਼ੇਖਰ ਸੂਦ, ਸਰਦਾਰ ਜਸਮੀਤ ਸਿੰਘ, ਓਮ ਪ੍ਰਕਾਸ਼ ਸ਼ਰਮਾ, ਭੀਮਾ, ਸੰਜੇ, (ਗੁਰਬਖ਼ਸ਼ ਸਿੰਘ ਸੰਤੋਖ ਸਿੰਘ), ਖੁਬੀਰਾਮ ਜੌਹਰੀ ਲਾਲ ਵੱਲੋਂ ਮੋਨੂੰ ਮਿੱਤਲ ਅਤੇ ਮੋਗਾ ਦੇ ਪ੍ਰਸਿੱਧ ਵਿਸ਼ਾਲ ਲਾਈਟਸ ਦੇ ਸੰਚਾਲਕ ਵਿਸ਼ਾਲ ਅਰੋੜਾ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਤੋਂ ਇਲਾਵਾ ਠੇਕੇਦਾਰ ਜਸਵੀਰ ਸਿੰਘ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਕਈ ਵਪਾਰੀ ਪਿਛਲੇ ਕਰੀਬ 60 ਸਾਲਾਂ ਤੋਂ ਇਸੇ ਗਲੀ ਅਤੇ ਆਸ ਪਾਸ ਦੇ ਇਲਾਕੇ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ। ਗਲੀ ਦਾ ਨਵੀਨੀਕਰਨ ਹੋਣ ਤੋਂ ਬਾਅਦ ਹੁਣ ਇੱਥੋਂ ਲੰਘਣ ਵਾਲੇ ਕਾਰ ਚਾਲਕ, ਟਰੱਕ ਚਾਲਕ ਅਤੇ ਦੋਪਹੀਆ ਵਾਹਨ ਚਾਲਕ ਵੀ ਰਸਤੇ ਦੀ ਬਦਲੀ ਹੋਈ ਦਿੱਖ ਨੂੰ ਦੇਖ ਕੇ ਖੁਸ਼ੀ ਜ਼ਾਹਰ ਕਰ ਰਹੇ ਹਨ। ਸਥਾਨਕ ਵਪਾਰੀਆਂ ਨੇ ਡਿਪਟੀ ਮੇਅਰ ਗੌਰਵ ਗਰਗ ਅਤੇ ਸ਼੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਰਜਿਸਟਰਡ ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਦਿਨੇਸ਼ ਗੁਪਤਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਸੀਵਰੇਜ ਲਾਈਨ ਦੀ ਸਫ਼ਾਈ ਅਤੇ ਲਾਈਟਾਂ ਲਗਾਉਣ ਦਾ ਕੰਮ ਵੀ ਜਲਦੀ ਪੂਰਾ ਹੋਵੇਗਾ। ਇਸ ਨਾਲ ਪੁਰਾਣੀ ਦਾਣਾ ਮੰਡੀ ਦੇ ਇਸ ਮਹੱਤਵਪੂਰਨ ਵਪਾਰਕ ਖੇਤਰ ਵਿੱਚ ਆਵਾਜਾਈ ਦੀ ਸਹੂਲਤ ਹੋਰ ਬਿਹਤਰ ਹੋਵੇਗੀ।