ਡਰੋਨ ਸ਼ੋਅ ਦੀਆਂ ਤਿਆਰੀਆਂ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ ਸ੍ਰੀ ਗੁਰੂ ਰਵਿਦਾਸ
Publish Date: Tue, 15 Sep 2026 05:02 PM (IST)
Updated Date: Wed, 16 Sep 2026 04:05 AM (IST)
15 ਤੋਂ 18 ਸਤੰਬਰ ਤੱਕ ਮੋਗਾ ਜ਼ਿਲ੍ਹੇ ’ਚ ਸਜੇਗਾ ਡਰੋਨ ਸ਼ੋਅ ਸੰਗਤ ਦੀ ਸਹੂਲਤ, ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਨਿਰਦੇਸ਼ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਮੋਗਾ ਜ਼ਿਲ੍ਹੇ ਵਿਚ ਹੋਣ ਵਾਲੇ ਚਾਰ ਵਿਸ਼ੇਸ਼ ਡਰੋਨ ਸ਼ੋਅ ਦੀਆਂ ਤਿਆਰੀਆਂ ਦਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਮੀਖਿਆ ਮੀਟਿੰਗ ਦੌਰਾਨ ਜਾਇਜ਼ਾ ਲਿਆ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੁਲਪ੍ਰੀਤ ਸਿੰਘ, ਐੱਸਡੀਐੱਮਜ਼ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚਾਰੋਂ ਡਰੋਨ ਸ਼ੋਅ ਸੁਚੱਜੇ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਉਨ੍ਹਾਂ ਵੱਡੀ ਗਿਣਤੀ ਵਿਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਟ੍ਰੈਫਿਕ, ਪਾਰਕਿੰਗ, ਸੁਰੱਖਿਆ, ਬਿਜਲੀ, ਸਾਫ਼-ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੀ ਆਵਾਜਾਈ ਸੁਚਾਰੂ ਬਣਾਉਣ ਲਈ ਢੁਕਵੀਂ ਟ੍ਰੈਫਿਕ ਯੋਜਨਾ ਤਿਆਰ ਕੀਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਹਰੇਕ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਆਪਸੀ ਤਾਲਮੇਲ ਨਾਲ ਨਿਭਾਏ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਦਾਣਾ ਮੰਡੀ ਨਿਹਾਲ ਸਿੰਘ ਵਾਲਾ, 16 ਸਤੰਬਰ ਨੂੰ ਸੰਤ ਬਾਬਾ ਗੁਰਮੇਲ ਸਿੰਘ ਗਰਾਊਂਡ ਬਾਘਾਪੁਰਾਣਾ, 17 ਸਤੰਬਰ ਨੂੰ ਦਾਣਾ ਮੰਡੀ ਮੋਗਾ ਅਤੇ 18 ਸਤੰਬਰ ਨੂੰ ਦਾਣਾ ਮੰਡੀ ਧਰਮਕੋਟ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ। ਸ਼ਾਮ 6 ਤੋਂ 8 ਵਜੇ ਤੱਕ ਹੋਣ ਵਾਲੇ ਇਨ੍ਹਾਂ ਸ਼ੋਅ ਦੌਰਾਨ ਆਧੁਨਿਕ ਡਰੋਨ ਤਕਨਾਲੋਜੀ, ਨਰੇਸ਼ਨ ਅਤੇ ਕਹਾਣੀ ਪੇਸ਼ਕਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਰਾਬਰਤਾ, ਭਾਈਚਾਰੇ, ਦਇਆ ਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਪੇਸ਼ ਕੀਤਾ ਜਾਵੇਗਾ। ਸਾਗਰ ਸੇਤੀਆ ਨੇ ਕਿਹਾ ਕਿ ਇਹ ਡਰੋਨ ਸ਼ੋਅ ਕੇਵਲ ਤਕਨੀਕੀ ਪੇਸ਼ਕਾਰੀ ਨਹੀਂ, ਸਗੋਂ ਗੁਰੂ ਜੀ ਦੇ ਮਨੁੱਖੀ ਬਰਾਬਰਤਾ, ਸਨਮਾਨ ਅਤੇ ਭਾਈਚਾਰੇ ਦੇ ਅਮਰ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।