ਫ਼ਿਲਮ ‘ਸਤਲੁਜ’ ਤੋਂ ਰੋਕ ਹਟਾਉਣ ਦੀ ਮੰਗ ਤੇਜ਼ ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ
Publish Date: Tue, 14 Jul 2026 04:58 PM (IST)
Updated Date: Wed, 15 Jul 2026 04:01 AM (IST)
ਪੰਥਕ ਜਥੇਬੰਦੀਆਂ ਵੱਲੋਂ ਡੀਸੀ ਮੋਗਾ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਅਤੇ ਪੰਜਾਬ ਦੇ ਇਤਿਹਾਸ ਦੇ ਇਕ ਮਹੱਤਵਪੂਰਨ ਦੌਰ ਨੂੰ ਦਰਸਾਉਂਦੀ ਦੱਸੀ ਜਾ ਰਹੀ ਫ਼ਿਲਮ ‘ਸਤਲੁਜ’ ਉੱਤੇ ਲਗਾਈ ਗਈ ਰੋਕ ਦੇ ਵਿਰੋਧ ਵਿਚ ਮੋਗਾ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ। ਜਥੇਬੰਦੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਮ ਇਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਦਿਆਂ ਫ਼ਿਲਮ ਤੇ ਲੱਗੀ ਰੋਕ ਤੁਰੰਤ ਹਟਾਉਣ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀਆਂ ਨੇ ਕਿਹਾ ਕਿ ਕਿਸੇ ਵੀ ਇਤਿਹਾਸਕ ਜਾਂ ਸਮਾਜਿਕ ਵਿਸ਼ੇ ਨਾਲ ਜੁੜੇ ਮਾਮਲੇ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਠੀਕ ਨਹੀਂ ਅਤੇ ਲੋਕਾਂ ਨੂੰ ਸੱਚਾਈ ਜਾਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਇਸ ਮੌਕੇ ਯੂਨਾਈਟਡ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਈ ਪੰਥਕ ਜਥੇਬੰਦੀਆਂ ਨੇ ਪੰਜਾਬ ਦੇ ਪੰਥਕ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਤੇ ਸਾਂਝੇ ਤੌਰ ਤੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਸੀ। ਉਸੇ ਫੈਸਲੇ ਤਹਿਤ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਦੇ ਨਾਮ ਮੰਗ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਫ਼ਿਲਮ ‘ਸਤਲੁਜ’ ਉੱਤੇ ਲਗਾਈ ਗਈ ਰੋਕ ਨੂੰ ਹਟਾਉਣ ਦੀ ਮੰਗ ਮੁੱਖ ਤੌਰ ਤੇ ਉਠਾਈ ਗਈ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਆਪਣਾ ਪੂਰਾ ਜੀਵਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਕੀਤਾ। ਜਥੇਬੰਦੀਆਂ ਦਾ ਕਹਿਣਾ ਹੈ ਕਿ ਖਾਲੜਾ ਦੇ ਜੀਵਨ ਅਤੇ ਸੰਘਰਸ਼ ਤੇ ਬਣੀ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਦੇ ਬਰਾਬਰ ਹੈ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਜੇਕਰ ਕਿਸੇ ਫ਼ਿਲਮ ਦੇ ਕਿਸੇ ਹਿੱਸੇ ਨੂੰ ਲੈ ਕੇ ਕੋਈ ਕਾਨੂੰਨੀ ਜਾਂ ਤਕਨੀਕੀ ਇਤਰਾਜ਼ ਹੈ ਤਾਂ ਉਸ ਦਾ ਹੱਲ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਪਰ ਪੂਰੀ ਫ਼ਿਲਮ ਉੱਤੇ ਰੋਕ ਲਗਾਉਣਾ ਲੋਕਤੰਤਰੀ ਪ੍ਰੰਪਰਾਵਾਂ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਨਾਲ ਜੁੜੇ ਮਾਮਲਿਆਂ ਨੂੰ ਲੋਕਾਂ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਇਤਿਹਾਸ ਅਤੇ ਉਸ ਨਾਲ ਜੁੜੇ ਵਿਅਕਤੀਆਂ ਦੇ ਜੀਵਨ ਸੰਘਰਸ਼ ਤੋਂ ਜਾਣੂ ਹੋ ਸਕੇ। ਉਨ੍ਹਾਂ ਦੱਸਿਆ ਕਿ ਅੱਜ ਮੋਗਾ ਵਿਚ ਹੋਏ ਇਸ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ, ਬੇਗਮਪੁਰਾ ਖ਼ਾਲਸਾ ਰਾਜ ਪਾਰਟੀ ਅਤੇ ਦਲ ਖ਼ਾਲਸਾ ਸਮੇਤ ਕਈ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮੰਗ ਪੱਤਰ ਸੌਂਪਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਫ਼ਿਲਮ ਉੱਤੇ ਲੱਗੀ ਰੋਕ ਨੂੰ ਜਲਦ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕਿਸੇ ਵੀ ਵਿਸ਼ੇ ਤੇ ਵਿਚਾਰ-ਵਟਾਂਦਰੇ ਅਤੇ ਇਤਿਹਾਸਕ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਣ ਦੇ ਮੌਕੇ ਮਿਲਣੇ ਚਾਹੀਦੇ ਹਨ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਗਗੜਾ, ਜਥੇਦਾਰ ਲਖਵਿੰਦਰ ਸਿੰਘ ਲੱਕੀ (ਸ਼ਹਿਰੀ ਪ੍ਰਧਾਨ), ਜਥੇਦਾਰ ਹਰਦਿਆਲ ਸਿੰਘ ਡਾਲਾ, ਹਰਜਿੰਦਰ ਸਿੰਘ ਡਾਲਾ, ਜਥੇਦਾਰ ਲਖਬੀਰ ਸਿੰਘ ਡਾਲਾ, ਸਤਨਾਮ ਸਿੰਘ, ਜਥੇਦਾਰ ਲਾਭ ਸਿੰਘ ਡਾਲਾ, ਜਥੇਦਾਰ ਕਰੋੜ ਸਿੰਘ ਤਲਵੰਡੀ ਭਘੇਰੀਆਂ, ਫੌਜੀ ਮੱਖਣ ਸਿੰਘ ਤਲਵੰਡੀ ਭਘੇਰੀਆਂ, ਭਾਈ ਕੁਲਦੀਪ ਸਿੰਘ ਤਲਵੰਡੀ ਭਘੇਰੀਆਂ, ਬੀਬੀ ਮਨਜੀਤ ਕੌਰ (ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ), ਗੁਰਵਿੰਦਰ ਸਿੰਘ ਤਲਵੰਡੀ ਭਘੇਰੀਆਂ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਵਰਿਆਮ ਸਿੰਘ ਧੱਲੇਕੇ, ਭਾਈ ਲਖਬੀਰ ਸਿੰਘ ਧੱਲੇਕੇ, ਭਾਈ ਬੂਟਾ ਸਿੰਘ ਧੱਲੇਕੇ, ਪਲਵਿੰਦਰ ਸਿੰਘ ਸੁਖਾਨੰਦ, ਮੇਜਰ ਸਿੰਘ ਥਰਾਜ, ਭਾਈ ਜਗਸੀਰ ਸਿੰਘ ਡਾਲਾ, ਭਾਈ ਗੁਰਲਾਭ ਸਿੰਘ ਧਰਮਕੋਟ, ਜਥੇਦਾਰ ਅਮਰਜੀਤ ਸਿੰਘ ਡਾਲਾ (ਦਲ ਖਾਲਸਾ), ਮੈਂਬਰ ਸੁਖਦੇਵ ਸਿੰਘ ਖਿਆਲੀ, ਬਿਸੰਬਰ ਸਿੰਘ, ਭਾਈ ਰਣਜੀਤ ਸਿੰਘ ਫੌਜੀ ਧਰਮਕੋਟ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ ਸਮੇਤ ਹੋਰ ਕਈ ਪੰਥਕ ਆਗੂ ਅਤੇ ਵਰਕਰ ਹਾਜ਼ਰ ਸਨ।