- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11ਵੇਂ ਆਯੁਰਵੇਦ ਦਿਵਸ ਸਮਾਰੋਹ ਦੇ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: 11ਵੇਂ ਆਯੁਰਵੇਦ ਦਿਵਸ ਸਮਾਰੋਹ ਦੇ ਮੌਕੇ ’ਤੇ ਵਿਸ਼ਵ ਆਯੁਰਵੇਦ ਪ੍ਰੀਸ਼ਦ ਪੰਜਾਬ ਦੀ ਮੋਗਾ ਇਕਾਈ ਵੱਲੋਂ ਆਯੁਰਵੇਦ ਨੂੰ ਭਾਰਤ ਦੀ ਸਵਦੇਸ਼ੀ ਰਾਸ਼ਟਰੀ ਚਿਕਿਤਸਾ ਪੱਧਤੀ ਵਜੋਂ ਘੋਸ਼ਿਤ ਕਰਨ ਦੀ ਮੰਗ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰੀਸ਼ਦ ਦੇ ਵਫ਼ਦ ਨੇ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮਾਣਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਭੇਜਣ ਲਈ ਦਿੱਤਾ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਆਯੁਰਵੇਦ ਜੋ ਭਾਰਤ ਦੀ ਪ੍ਰਾਚੀਨ ਅਤੇ ਸਵਦੇਸ਼ੀ ਚਿਕਿਤਸਾ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹੈ, ਨੂੰ ਭਾਰਤ ਦੀ ਰਾਸ਼ਟਰੀ ਚਿਕਿਤਸਾ ਪੱਧਤੀ ਵਜੋਂ ਮਾਨਤਾ ਦਿੱਤੀ ਜਾਵੇ। ਪ੍ਰੀਸ਼ਦ ਦੇ ਮੈਂਬਰਾਂ ਨੇ ਕਿਹਾ ਕਿ ਆਯੁਰਵੇਦ ਸਦੀਆਂ ਤੋਂ ਭਾਰਤੀ ਸਮਾਜ ਵਿਚ ਸਿਹਤ, ਜੀਵਨ-ਸ਼ੈਲੀ ਅਤੇ ਰੋਗਾਂ ਦੀ ਰੋਕਥਾਮ ਨਾਲ ਜੁੜੀ ਪਰੰਪਰਾ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਮੰਗ ਪੱਤਰ ਵਿੱਚ ਪਰਿਸ਼ਦ ਵੱਲੋਂ ਕਿਹਾ ਗਿਆ ਕਿ ਆਜ਼ਾਦੀ ਦੇ 80 ਸਾਲਾਂ ਬਾਅਦ ਵੀ ਆਯੁਰਵੇਦ ਨੂੰ ਭਾਰਤ ਦੀ ਰਾਸ਼ਟਰੀ ਚਿਕਿਤਸਾ ਪੱਧਤੀ ਵਜੋਂ ਮਾਨਤਾ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਪਰਿਸ਼ਦ ਦਾ ਕਹਿਣਾ ਹੈ ਕਿ ਆਯੁਰਵੇਦ ਨੂੰ ਸਿਰਫ਼ ਇੱਕ ਵਿਕਲਪਕ ਚਿਕਿਤਸਾ ਪੱਧਤੀ ਦੇ ਰੂਪ ਵਿੱਚ ਦੇਖਣ ਦੀ ਬਜਾਏ ਇਸ ਦੀ ਇਤਿਹਾਸਕ, ਸੱਭਿਆਚਾਰਕ ਅਤੇ ਚਿਕਿਤਸਕ ਵਿਰਾਸਤ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਉਚਿਤ ਰਾਸ਼ਟਰੀ ਪਛਾਣ ਦਿੱਤੀ ਜਾਣੀ ਚਾਹੀਦੀ ਹੈ। ਵਿਸ਼ਵ ਆਯੁਰਵੇਦ ਪਰਿਸ਼ਦ ਦੇ ਮੈਂਬਰਾਂ ਨੇ ਕਿਹਾ ਕਿ ਆਯੁਰਵੇਦ ਸਿਰਫ਼ ਬਿਮਾਰੀਆਂ ਦੇ ਇਲਾਜ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸਿਹਤਮੰਦ ਜੀਵਨ ਜਿਊਣ ਦੀ ਪੂਰੀ ਜੀਵਨ-ਪ੍ਰਣਾਲੀ ਨਾਲ ਸੰਬੰਧਿਤ ਹੈ। ਉਨ੍ਹਾਂ ਅਨੁਸਾਰ ਆਯੁਰਵੇਦ ’ਚ ਸਿਹਤ ਦੀ ਸੰਭਾਲ, ਰੋਗਾਂ ਤੋਂ ਬਚਾਅ, ਖੁਰਾਕ, ਜੀਵਨ-ਸ਼ੈਲੀ ਅਤੇ ਕੁਦਰਤੀ ਤਰੀਕਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪਰਿਸ਼ਦ ਨੇ ਆਪਣੀ ਮੰਗ ਦੇ ਸਮਰਥਨ ਵਿੱਚ ਕਿਹਾ ਕਿ ਜਿਵੇਂ ਭਾਰਤ ਦੀ ਆਪਣੀ ਰਾਸ਼ਟਰੀ ਪਛਾਣ ਨਾਲ ਜੁੜੀਆਂ ਵੱਖ-ਵੱਖ ਪ੍ਰਤੀਕਾਤਮਕ ਪਹਿਚਾਣਾਂ ਹਨ, ਉਸੇ ਤਰ੍ਹਾਂ ਦੇਸ਼ ਦੀ ਪ੍ਰਾਚੀਨ ਸਵਦੇਸ਼ੀ ਚਿਕਿਤਸਾ ਪਰੰਪਰਾ ਨੂੰ ਵੀ ਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਪਛਾਣ ਮਿਲਣੀ ਚਾਹੀਦੀ ਹੈ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਮੋਗਾ ਨੇ ਵਫ਼ਦ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਇਸ ਨੂੰ ਬਣਦੀ ਕਾਰਵਾਈ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਭੇਜਿਆ ਜਾਵੇਗਾ। ਇਸ ਮੌਕੇ ਵਿਸ਼ਵ ਆਯੁਰਵੇਦ ਪਰਿਸ਼ਦ ਦੇ ਵਫ਼ਦ ਵਿੱਚ ਡਾ. ਅਸ਼ਵਨੀ ਭਾਰਗਵ, ਡਾ. ਰਵੀ ਧਾਲੀਆ, ਡਾ. ਸਚਿਨ ਸ਼ਰਮਾ, ਡਾ. ਐਬੀ ਮੈਥਿਊ, ਡਾ. ਸੁਧੀਰ ਤੁਰੀ, ਡਾ. ਅਪਨੀਤ ਵਾਲੀਆ ਸਮੇਤ ਪਰਿਸ਼ਦ ਦੇ ਹੋਰ ਮੈਂਬਰ ਹਾਜ਼ਰ ਸਨ। ਵਫ਼ਦ ਨੇ ਆਸ ਪ੍ਰਗਟਾਈ ਕਿ ਸਰਕਾਰ ਵੱਲੋਂ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਆਯੁਰਵੇਦ ਨੂੰ ਰਾਸ਼ਟਰੀ ਪੱਧਰ ’ਤੇ ਉਚਿਤ ਮਾਨਤਾ ਦੇਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।