ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ ਮੈਡੀਕਲ ਪ੍ਰੈਕਟੀਸ਼ਨਰਜ਼ ਮੈਡੀਕਲ ਪ੍ਰੈਕਟੀਸ਼ਨਰਜ਼
Publish Date: Tue, 20 Oct 2026 04:45 PM (IST)
Updated Date: Wed, 21 Oct 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਹਿਗਲ, ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋਂ, ਚੇਅਰਮੈਨ ਬਲਦੇਵ ਸਿੰਘ ਧੂੜਕੋਟ ਦੀ ਅਗਵਾਈ ਵਿਚ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਅਤੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵਫ਼ਦ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਜਨੇਰ, ਜ਼ਿਲ੍ਹਾ ਕੈਸ਼ੀਅਰ ਬਲਜਿੰਦਰ ਸਿੰਘ ਰੌਲੀ, ਸਰਪ੍ਰਸਤ ਭਗਵੰਤ ਸਿੰਘ ਦੁੱਨੇਕੇ, ਸੂਬਾ ਆਗੂ ਸਵਰਨ ਸਿੰਘ ਮੋਗਾ ਨੇ ਦੱਸਿਆ ਕਿ ਅਸੀਂ ਪਿਛਲੇ 50 ਸਾਲਾਂ ਤੋਂ ਪਿੰਡਾਂ ਤੇ ਸ਼ਹਿਰੀ ਗਰੀਬ ਬਸਤੀਆਂ ਅੰਦਰ ਸਸਤੀਆਂ ਅਤੇ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਾਂ। ਸਾਡੀ ਜਥੇਬੰਦੀ ਵੱਲੋਂ ਨਸ਼ੇ, ਭਰੂਣ ਹੱਤਿਆ, ਦਾਜ ਦਹੇਜ ਵਰਗੀਆਂ ਸਮਾਜ ਵਿਰੋਧੀ ਅਲਾਮਤਾਂ ਖਿਲਾਫ ਸੈਮੀਨਾਰ ਅਤੇ ਲੋਕ ਚੇਤਨਾ ਮਾਰਚਾਂ ਰਾਹੀਂ ਲਗਾਤਾਰ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਨੈਸ਼ਨਲ ਪ੍ਰੋਗਰਾਮ ਜਿਵੇਂ ਕਿ ਪਲਸ ਪੋਲੀਓ, ਟੀਵੀ, ਏਡਜ਼ ਨਸਬੰਦੀ, ਕਰੋਨਾ ਮਹਾਂਮਾਰੀ ਅਤੇ ਹਰ ਤਰ੍ਹਾਂ ਦੀ ਵੈਕਸੀਨੇਸ਼ਨ ਲਗਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹਾਂ ਸਮੇਂ ਪੀੜਿਤ ਲੋਕਾਂ ਨੂੰ ਮੁਫ਼ਤ ਮੁੱਢਲੀ ਸਿਹਤ ਸੇਵਾਵਾਂ ਲਈ ਮੁਫ਼ਤ ਕੈਂਪ ਲਗਾਏ ਜਾਂਦੇ ਹਨ, ਅਸੀਂ ਆਪਣੀ ਕਾਨੂੰਨੀ ਮਾਨਤਾ ਦੀ ਮੰਗ ਲਗਾਤਾਰ ਪਿਛਲੇ 30 ਸਾਲਾਂ ਤੋਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਹਾਂ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ 21 ਜੁਲਾਈ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਵੱਲੋਂ ਸਾਨੂੰ ਟ੍ਰੇਨਿੰਗ ਦੇਣ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਮੁਤਾਬਿਕ ਅਸੀਂ ਯੋਗਿਤਾ ਸਰਟੀਫਿਕੇਟ ਸਵੈਂ ਘੋਸ਼ਣਾ ਪੱਤਰ ਪੂਰੇ ਜ਼ਿਲ੍ਹੇ ਵਿਚੋਂ ਸਿਵਲ ਸਰਜਨ ਰਾਹੀਂ ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਨੂੰ ਜਮਾਂ ਕਰਵਾ ਚੁੱਕੇ ਹਾਂ। ਇਸ ਤੋਂ ਇਲਾਵਾ 22 ਸਤੰਬਰ ਨੂੰ ਸਾਡੀ ਜਥੇਬੰਦੀ ਦੀ ਮੀਟਿੰਗ ਡਿਪਟੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਹੋਰ ਉੱਚ ਸਿਹਤ ਅਧਿਕਾਰੀਆਂ ਨਾਲ ਹੋ ਚੁੱਕੀ ਹੈ। ਸਾਡਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ, ਇਸ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਆੜ ਦੇ ਹੇਠ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਵਿਸ਼ਵਾਸ ਦਵਾਇਆ ਕਿ ਸਾਡੇ ਵੱਲੋਂ ਸਾਫ ਸੁਥਰੇ ਅਕਸ ਅਤੇ ਨਸ਼ਾ ਰਹਿਤ ਪ੍ਰੈਕਟਿਸ ਕਰਨ ਵਾਲੇ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਸਮੇਂ ਜ਼ਿਲ੍ਹਾ ਕਮੇਟੀ ਵੱਲੋਂ ਐੱਸਐੱਸਪੀ ਨੂੰ ਜਥੇਬੰਦੀ ਦਾ ਕੈਲੰਡਰ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸਮੇਂ ਸਹਾਇਕ ਕੈਸ਼ੀਅਰ ਕ੍ਰਿਸ਼ਨ ਮੋਗਾ, ਮੀਤ ਪ੍ਰਧਾਨ ਨਿਰਮਲ ਸਿੰਘ ਜਲਾਲਾਬਾਦ, ਪ੍ਰੈੱਸ ਸਕੱਤਰ ਰਾਕੇਸ਼ ਕੁਮਾਰ ਮੋਗਾ, ਡਾ. ਗੁਰਪਿਆਰ ਸਿੰਘ ਮੱਲਕੇ, ਡਾ. ਜਸਵੰਤ ਸਿੰਘ ਸੇਖਾ, ਡਾ. ਹਰਦੀਪ ਸਿੰਘ ਸੇਖਾ, ਡਾ. ਲਖਵਿੰਦਰ ਸਿੰਘ ਡਰੋਲੀ ਭਾਈ ਅਤੇ ਅਵਤਾਰ ਸਿੰਘ ਝੰਡੇਵਾਲਾ ਹਾਜ਼ਰ ਸਨ।