ਦ ਲਰਨਿੰਗ ਫੀਲਡ-ਏ ਗਲੋਬਲ ਸਕੂਲ ’ਚ ਮਨਾਇਆ ਵਿਸ਼ਵ ਪੰਜਾਬੀ ਦਿਵਸ ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਦ ਲਰਨਿੰਗ
Publish Date: Thu, 24 Sep 2026 03:28 PM (IST)
Updated Date: Thu, 24 Sep 2026 03:30 PM (IST)
ਮਾਤ-ਭਾਸ਼ਾ ਸਾਡੀ ਪਛਾਣ ਤੇ ਵਿਰਾਸਤ ਦਾ ਆਧਾਰ : ਚੇਅਰਮੈਨ ਗਰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਦ ਲਰਨਿੰਗ ਫੀਲਡ-ਏ ਗਲੋਬਲ ਸਕੂਲ ਮੋਗਾ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ, ਉਮੰਗ ਅਤੇ ਸੱਭਿਆਚਾਰਕ ਮਾਣ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਜੋੜਨ ਦੇ ਨਾਲ-ਨਾਲ ਪੰਜਾਬ ਦੀ ਅਮੀਰ ਵਿਰਾਸਤ, ਲੋਕ-ਸੱਭਿਆਚਾਰ ਅਤੇ ਰਵਾਇਤੀ ਕਦਰਾਂ-ਕੀਮਤਾਂ ਨਾਲ ਜਾਣੂੰ ਕਰਵਾਉਣਾ ਰਿਹਾ। ਇਸ ਮੌਕੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਵਿਚ ਵਿਦਿਆਰਥੀਆਂ ਲਈ ਕਈ ਰਚਨਾਤਮਕ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਸ਼ਵ ਪੰਜਾਬੀ ਦਿਵਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝਦਿਆਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੁੰਦਰ ਹੱਥ ਲਿਖਤ ਪੰਜਾਬੀ ਪੱਟੀਆਂ ਤਿਆਰ ਕੀਤੀਆਂ। ਚਾਰਟ ਪੇਪਰਾਂ ਉੱਪਰ ਪੰਜਾਬੀ ਵਰਣਮਾਲਾ ਨੂੰ ਆਕਰਸ਼ਕ ਰੰਗਾਂ ਅਤੇ ਸੁੰਦਰ ਸਜਾਵਟ ਨਾਲ ਪੇਸ਼ ਕੀਤਾ ਗਿਆ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਅੱਖਰ ਲਿਖਣ ਦੇ ਨਾਲ-ਨਾਲ ਗੁਰਮੁਖੀ ਲਿਪੀ ਪ੍ਰਤੀ ਆਪਣੀ ਰੁਚੀ ਵੀ ਪ੍ਰਗਟਾਈ। ਪ੍ਰੋਗਰਾਮ ਤਹਿਤ ‘ਮੇਰਾ ਦਸਤਖ਼ਤ, ਮੇਰੀ ਪੰਜਾਬੀ’ ਗਤੀਵਿਧੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਵਿਚ ਵਿਦਿਆਰਥੀਆਂ ਨੇ ਆਪਣੇ ਨਾਮ ਦੇ ਦਸਤਖ਼ਤ ਪੰਜਾਬੀ ਦੀ ਗੁਰਮੁਖੀ ਲਿਪੀ ਵਿਚ ਕਰਨ ਦਾ ਅਭਿਆਸ ਕੀਤਾ ਅਤੇ ਉਨ੍ਹਾਂ ਨੂੰ ਪੇਸ਼ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿਚ ਵੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਰਿਹਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਰਾਸਤ ਦੀ ਆਵਾਜ਼ ਗਤੀਵਿਧੀ ਰਾਹੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਨਾਲ ਜੁੜ ਕੇ ਪੰਜਾਬ ਦੀ ਮੌਖਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ। ਪੂਰੇ ਸਕੂਲ ਕੈਂਪਸ ਵਿਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦੀ ਭਾਵਨਾ ਦੇਖਣ ਨੂੰ ਮਿਲੀ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੰਜਾਬੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਾਤ-ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੁੰਦੀ, ਸਗੋਂ ਇਹ ਸਾਡੀ ਸੱਭਿਆਚਾਰ, ਪਰੰਪਰਾਵਾਂ, ਭਾਵਨਾਵਾਂ ਅਤੇ ਪਛਾਣ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਸਕੂਲ ਪ੍ਰਬੰਧਨ ਵੱਲੋਂ ਵਿਸ਼ਵ ਪੰਜਾਬੀ ਦਿਵਸ ਦੇ ਆਯੋਜਨ ਨੂੰ ਸਫਲ ਬਣਾਉਣ ’ਚ ਯੋਗਦਾਨ ਪਾਉਣ ਵਾਲੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ। ਪ੍ਰਬੰਧਨ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਆਪਣੀ ਮਾਤ-ਭਾਸ਼ਾ ਪ੍ਰਤੀ ਸਤਿਕਾਰ, ਪਿਆਰ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਪੂਰੇ ਸਕੂਲ ਕੈਂਪਸ ’ਚ ਪੰਜਾਬੀਅਤ ਦੀ ਭਾਵਨਾ ਅਤੇ ਪੰਜਾਬੀ ਭਾਸ਼ਾ ਪ੍ਰਤੀ ਮਾਣ ਦੀ ਗੂੰਜ ਸੁਣਾਈ ਦਿੱਤੀ।