ਅਮਰਜੀਤ ਚਾਵਲਾ ਕਾਂਡ ’ਤੇ ਅਕਾਲੀ ਲੀਡਰਸ਼ਿਪ ਚੁੱਪ ਕਿਉਂ : ਖਾਲਸਾ ਅਮਰਜੀਤ ਸਿੰਘ ਚਾਵਲਾ ਮਾਮਲੇ
Publish Date: Tue, 22 Sep 2026 04:44 PM (IST)
Updated Date: Wed, 23 Sep 2026 04:03 AM (IST)
ਗੱਲ-ਗੱਲ ’ਤੇ ਲਾਈਵ ਹੋਣ ਵਾਲੇ ਮਜੀਠੀਆ ਹੁਣ ਚੁੱਪ ਕਿਉਂ? ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਅਮਰਜੀਤ ਸਿੰਘ ਚਾਵਲਾ ਮਾਮਲੇ ਨੂੰ ਲੈ ਕੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਆਪ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਚੁੱਪੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਗੱਲ-ਗੱਲ ’ਤੇ ਲਾਈਵ ਹੋ ਕੇ ਬਿਆਨ ਦੇਣ ਵਾਲੇ ਬਿਕਰਮ ਮਜੀਠੀਆ ਇਸ ਮਾਮਲੇ ’ਤੇ ਚੁੱਪੀ ਕਿਉਂ ਧਾਰ ਕੇ ਬੈਠੇ ਹਨ। ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ਼ਆਈਆਰ ਵਿਚ ਇਕ ਔਰਤ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਮਾਮਲੇ ਦੀ ਪੁਲਿਸ ਜਾਂਚ ਚੱਲ ਰਹੀ ਹੈ। ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦਾ ਪ੍ਰਬੰਧ ਅਤੇ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ ਇਕ ਔਰਤ ਨੂੰ ਮਹੀਨਿਆਂ ਤੱਕ ਉੱਥੇ ਕਿਹੜੇ ਪ੍ਰਬੰਧਾਂ ਅਤੇ ਕਿਸ ਦੀ ਜਾਣਕਾਰੀ ਹੇਠ ਰੱਖਿਆ ਗਿਆ, ਜੇ ਕਿਸੇ ਪੱਧਰ ’ਤੇ ਸ਼ਿਕਾਇਤ ਜਾਂ ਜਾਣਕਾਰੀ ਮਿਲੀ ਸੀ ਤਾਂ ਉਸ ’ਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀ ਚੁੱਪੀ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਲੰਮੇ ਸਮੇਂ ਤੋਂ ਗੁਰਦੁਆਰਾ ਚੋਣਾਂ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਵੱਡੇ ਪੱਧਰ ’ਤੇ ਗਿਰਾਵਟ ਆਈ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਅਸਿੱਧੇ ਤੌਰ ’ਤੇ ਸੁਖਬੀਰ ਬਾਦਲ ਹੋਰਾਂ ਦੇ ਹੱਥ ਵਿਚ ਹੈ। ਯਾਦ ਰਹੇ ਕਿ 20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਪੰਥ ’ਚੋਂ ਛੇਕ ਦਿੱਤਾ ਗਿਆ ਹੈ। ਈਡੀ ਦੇ ਬੁਲਾਰੇ ਤੌਰ ’ਤੇ ਹਰ ਵਕਤ ਸਰਕਾਰ ਵਿਚ ਕਮੀਆਂ ਕੱਢਣ ਵਾਲੇ ਮਜੀਠੀਆ ਅਤੇ ਸੁਖਬੀਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਸਿੱਧਾ ਸਵਾਲ ਹੈ, ਜਦੋਂ ਮਾਮਲਾ ਇੰਨ੍ਹਾਂ ਗੰਭੀਰ ਹੈ ਤਾਂ ਚੁੱਪੀ ਕਿਉਂ। ਚੇਅਰਮੈਨ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਇਸ ਗੰਭੀਰ ਮਸਲੇ ’ਤੇ ਚੁੱਪ ਰਹਿ ਕੇ ਆਪਣੇ ਹੋਰ ਕਿੰਨੇ ਕੁ ਕੁਕਰਮੀ ਅਤੇ ਰਾਜ਼ਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੀ ਹੁਣ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਮਰਜੀਤ ਚਾਵਲਾ ਸਮੇਤ ਇਸ ਘਟੀਆ ਹਰਕਤਾਂ ਵਿਚ ਸ਼ਾਮਲ ਲੋਕਾਂ ਦੇ ਬੋਰਡ ਬਣਾ ਕੇ ਗੁਰਦੁਆਰਿਆਂ ਵਿੱਚ ਲਗਾਉਣਗੇ ਜਾਂ ਸਿਰਫ ਸੁਖਬੀਰ ਦੇ ਸਿਪਾਹੀ ਬਣ ਕੇ ਸਿੱਖੀ ਸਿਧਾਂਤਾਂ ਅਤੇ ਇਤਿਹਾਸਕ ਸਥਾਨਾਂ ਦੀ ਦੁਰਗਤੀ ਕਰਨ ਵਾਲਿਆਂ ਵਿਰੁੱਧ ਚੁੱਪ ਰਹਿ ਕੇ ਆਪਣਾ ਸਮਰਥਨ ਪ੍ਰਗਟਾਉਣਗੇ।