ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ
Publish Date: Sun, 25 Oct 2026 03:21 PM (IST)
Updated Date: Sun, 25 Oct 2026 03:22 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਮਹਾਂਰਿਸ਼ੀ ਵਾਲਮੀਕ ਜੀ ਦਾ ਪ੍ਰਗਟ ਦਿਵਸ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸਮਾਗਮ ਦਾ ਆਗਾਜ਼ ਕਰਦਿਆਂ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰੂਆਂ, ਪੀਰਾਂ, ਰਹਿਬਰਾਂ, ਸ਼ਹੀਦਾਂ ਅਤੇ ਮਹਾਂਪੁਰਖਾਂ ਦੇ ਦਿਹਾੜੇ ਮਨਾਉਣ ਦਾ ਅਸਲ ਉਦੇਸ਼ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਜਿਨ੍ਹਾਂ ਤੋਂ ਸਾਨੂੰ ਸੁਚੱਜਾ ਜੀਵਨ ਜਿਉਣ ਦੀ ਜਾਚ ਸਿੱਖਣ ਨੂੰ ਮਿਲਦੀ ਹੈ। ਅਜਿਹੇ ਦਿਹਾੜੇ ਸਾਨੂੰ ਜੀਵਨ ਦਾ ਅਸਲ ਮੰਤਵ ਸਮਝਾਉਣ ਚ ਸਹਾਈ ਹੁੰਦੇ ਹਨ। ਮੈਡਮ ਮੀਨਾ ਜੈਨ ਨੇ ਦੱਸਿਆ ਕਿ ਮਹਾਂਰਿਸ਼ੀ ਵਾਲਮੀਕ ਜੀ ਦੀ ਵਿਸ਼ਵ ਪ੍ਰਸਿੱਧ ਰਚਨਾ ਰਮਾਇਣ ਸਾਡੇ ਵਿਰਸੇ, ਸਭਿਆਚਾਰ ਅਤੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਰੂਪਮਾਨ ਕਰਦੀ ਹੈ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਮਹਾਨ ਸਿੱਖਿਆਵਾਂ ਤੇ ਅਮਲ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੱਤਾ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਅਜਿਹੇ ਦਿਹਾੜੇ ਮਨਾਉਣ ਦਾ ਮਕਸਦ ਸਾਨੂੰ ਦੂਜਿਆਂ ਪ੍ਰਤੀ ਪ੍ਰੇਮ, ਹਮਦਰਦੀ, ਮਿਲਵਰਤਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਪੈਦਾ ਕਰਨ ਦੀ ਲੋੜ ਜਤਾਉਣਾ ਹੈ। ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਮਹਾਂਰਿਸ਼ੀ ਵਾਲਮੀਕ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਪਣੀਆਂ ਰਚਨਾਵਾਂ ਰਾਹੀਂ ਉਨ੍ਹਾਂ ਨੂੰ ਸਿਜਦਾ ਕੀਤਾ।