ਦਸਮੇਸ਼ ਸਕੂਲ ਨੇ ਸਿੱਖਿਆ ਤੇ ਖੇਡਾਂ 'ਚ ਬਣਾਈ ਵਿਲੱਖਣ ਪਛਾਣ: ਵਿਧਾਇਕ ਬਿਲਾਸਪੁਰ ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ
Publish Date: Mon, 23 Nov 2026 05:32 PM (IST)
Updated Date: Mon, 23 Nov 2026 05:34 PM (IST)
ਵਿਦਿਆਰਥੀਆਂ ਨੇ ਸਾਲਾਨਾ ਅਥਲੈਟਿਕਸ ਮੀਟ ’ਚ ਛੱਡੀ ਅਮਿੱਟ ਛਾਪ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀ ਸਲਾਨਾ ਅਥਲੈਟਿਕਸ ਮੀਟ ਉਤਸ਼ਾਹ ਪੂਰਬਕ ਕਰਵਾਈ ਗਈ। ਇਸ ਦਾ ਉਦਘਾਟਨ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਰਿਬਨ ਕੱਟ ਕੇ ਕੀਤਾ। ਇਸ ਸਮੇਂ ਉਨ੍ਹਾਂ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ ਦੀ ਇਸ ਪੁਰਾਣੀ ਸੰਸਥਾ ਨੇ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਸੰਸਥਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਭਰਵੀਂ ਸਰਾਹਣਾ ਕਰਦਿਆਂ ਪ੍ਰਬੰਧਕਾਂ, ਸਟਾਫ਼ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਪੰਜਾਬ ਸਰਕਾਰ ਵੀ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਯਤਨਸ਼ੀਲ ਹੈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਹੋਰ ਸਤਿਕਾਰਤ ਸਖਸ਼ੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਸਕੂਲ ਦੇ ਮਿਸ਼ਨ ਤੇ ਵਿਜ਼ਨ ਬਾਰੇ ਰੌਸ਼ਨੀ ਪਾਈ। ਨਾਮੀ ਸਮਾਜ ਸੇਵੀ ਮਹਿੰਦਰ ਸਿੰਘ ਭੋਲਾ ਨੇ ਚੰਗੀ ਸਿੱਖਿਆ ਅਤੇ ਸੰਸਕਾਰਾਂ ਨੂੰ ਸਮੇਂ ਦੀ ਲੋੜ ਦਸਦਿਆਂ ਸਕੂਲ ਦੀਆ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸ ਸਮੇਂ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਮੌਕੇ ਸਾਰੇ ਖਿਡਾਰੀਆਂ ਨੂੰ ਨਮਨਦੀਪ ਕੌਰ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਰਾਜਿੰਦਰ ਕੌਰ ਨੇ ਖੇਡ ਮਿਸਾਲ ਨਾਲ ਗਰਾਊਂਡ ਦਾ ਚੱਕਰ ਲਗਾਇਆ। ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ 50, 100, 200, 400 ਮੀਟਰ ਰੇਸ, ਫਰੌਗ ਰੇਸ, ਤਿੰਨ ਟੰਗੀ ਦੌੜ, ਰੱਸਾ ਟੱਪਣਾ, ਲੰਬੀ ਛਾਲ, ਜੈਵਲਿਨ ਥ੍ਰੋਅ, ਰਿਲੇਅ ਰੇਸ, ਰੁਮਾਲ ਰੇਸ, ਮਿਊਜ਼ੀਕਲ ਚੇਅਰ, ਗੇਂਦ ਚੁੱਕਣ, ਡਿਸਕਸ ਥ੍ਰੋਅ, ਬੋਰੀ ਦੌੜ, ਸਪੂਨ ਰੇਸ, ਬਾਲੈਂਸ ਦਾ ਬਲੂਨ, ਬਰਸਟ ਬਲੂਨ, ਰੱਸਾਕਸ਼ੀ ਆਦਿ ਖੇਡਾਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹਾਂ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਗੁਰਦੁਆਰਾ ਹਰਗੋਬਿੰਦਸਰ ਟਿੱਬੀ ਦੇ ਮੁੱਖ ਸੇਵਾਦਾਰ ਬਾਬਾ ਜਗਮੋਹਣ ਸਿੰਘ ਖ਼ਾਲਸਾ, ਸਮਾਜ ਸੇਵੀ ਮਹਿੰਦਰ ਸਿੰਘ ਭੋਲਾ ਰਿਟਾ: ਜੇਈ, ਬੈਂਕ ਮੈਨੇਜਰ ਸੁਮਨ ਰਾਣੀ, ਮਾ. ਮਹਿੰਦਰ ਸਿੰਘ ਜੱਸੀ, ਬਿਲਾਸਪੁਰ ਪੁਲਿਸ ਚੌਂਕੀ ਇਨਚਾਰਜ ਜਸਵੰਤ ਸਿੰਘ ਸਰਾਂ, ਪ੍ਰਿੰਸੀਪਲ ਗੁਰਪ੍ਰੀਤ ਕੌਰ ਸੇਖੋਂ, ਸੋਸ਼ਲ ਵਰਕਰ ਦਵਿੰਦਰ ਸਿੰਘ ਲੋਟੇ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਗੁਰਮੇਲ ਸਿੰਘ ਪੰਚ ਆਦਿ ਸਖਸ਼ੀਅਤਾਂ ਨੇ ਬਾਖੂਬੀ ਨਿਭਾਈ। ਇਸ ਦੌਰਾਨ ਬਾਲ ਕਲਾਕਾਰਾਂ ਨੇ ਆਪਣੀਆਂ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ। ਅਖ਼ੀਰ ’ਚ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਦੂਜਿਆਂ ਨੂੰ ਵੀ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਹਰਪ੍ਰੀਤ ਕੌਰ ਜੈਦਕਾ, ਮਨਪ੍ਰੀਤ ਕੌਰ ਬਿਲਾਸਪੁਰ ਅਤੇ ਗੁਰਚਰਨ ਸਿੰਘ ਰਾਮਾਂ ਨੇ ਬਾਖ਼ੂਬੀ ਨਿਭਾਏ। ਇਹ ਖੇਡ ਮੇਲਾ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਿਹਾ। ਇਸ ਮੌਕੇ ਕੈਪਟਨ ਮੇਜਰ ਸਿੰਘ, ਡਾ. ਗੁਰਸ਼ਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ।