- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਵਿਖੇ 17 ਅਕਤੂਬਰ 2026 ਦਿਨ ਸ਼ਨੀਵਾਰ ਨੂੰ ਡਾਂਡੀਆ ਨਾਈਟ ਪ੍ਰੋਗਰਾਮ 2026 ਕਰਵਾਇਆ ਗਿਆ। ਇਹ ਪ੍ਰੋਗਰਾਮ ਸੰਗੀਤ, ਨਾਚ, ਮਨੋਰੰਜਨ ਅਤੇ ਆਪਸੀ ਏਕਤਾ ਦਾ ਸੁੰਦਰ ਸੰਗਮ ਸੀ। ਇਸ ਵਿਸ਼ੇਸ਼ ਸ਼ਾਮ ਦਾ ਉਦੇਸ਼ ਸਾਰਿਆਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨਾ ਅਤੇ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੌਰਾਨ ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ਵਿਚ ਸਜੇ ਭਾਗੀਦਾਰਾਂ ਨੇ ਗਰਬੇ ਅਤੇ ਡਾਂਡੀਆ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਤਿਉਹਾਰ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਸੰਗੀਤ, ਨਾਚ, ਮਨੋਰੰਜਕ ਖੇਡਾਂ ਅਤੇ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ। ਇਸ ਮੌਕੇ ਸਾਰਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਯਾਦਗਾਰੀ ਪਲ ਬਿਤਾਉਣ ਦਾ ਮੌਕਾ ਮਿਲਿਆ। ਡਾਂਡੀਆ ਨਾਈਟ ਦੇ ਨਾਲ-ਨਾਲ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮਾਤਾ ਦੀ ਚੌਕੀ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਵਿਸ਼ਾਲ ਜਿੰਦਲ ਅਤੇ ਪਾਰਟੀ, ਮੋਗਾ ਵੱਲੋਂ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਭਗਤੀ ਭਰੇ ਭਜਨਾਂ ਨਾਲ ਸਾਰਾ ਵਾਤਾਵਰਨ ਸ਼ਰਧਾ ਅਤੇ ਭਗਤੀ ਨਾਲ ਸਰਾਬੋਰ ਹੋ ਗਿਆ। ਮਾਤਾ ਰਾਣੀ ਦੇ ਜੈਕਾਰਿਆਂ ਨਾਲ ਗੂੰਜਦੇ ਮਾਹੌਲ ਵਿਚ ਸ਼ਰਧਾਲੂਆਂ ਨੇ ਅਧਿਆਤਮਿਕ ਆਨੰਦ ਦਾ ਅਨੁਭਵ ਕੀਤਾ।ਇਸ ਮੌਕੇ ਕਮੇਟੀ ਦੇ ਪ੍ਰਧਾਨ ਰਮਨ ਸੂਦ ਅਤੇ ਕਮੇਟੀ ਦੇ ਹੋਰ ਮੈਂਬਰ ਵਿਪਨ ਸੂਦ ਅਤੇ ਡਾ. ਅਨੂਪ ਸੂਦ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਕੂਲ ਦੀ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਆਂ ਨੂੰ ਇਸ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਪਿਆਰ, ਭਾਈਚਾਰਕ ਸਾਂਝ, ਸੱਭਿਆਚਾਰਕ ਏਕਤਾ ਅਤੇ ਧਾਰਮਿਕ ਆਸਥਾ ਨੂੰ ਮਜ਼ਬੂਤ ਕਰਨ ਦਾ ਇਕ ਸੁੰਦਰ ਉਪਰਾਲਾ ਹਨ। ਉਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਮੈਂਬਰਾਂ ਅਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ।