ਸ਼ਾਂਭਵੀ ਨੇ ਈਸਟ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ ਸੀਟੀ ਯੂਨੀਵਰਸਿਟੀ ਲਈ ਇਹ
Publish Date: Fri, 11 Sep 2026 05:21 PM (IST)
Updated Date: Sat, 12 Sep 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਸੀ.ਟੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲਾ ਪਲ ਰਿਹਾ, ਜਦੋਂ ਯੂਨੀਵਰਸਿਟੀ ਦੀ ਪ੍ਰਤਿਭਾਸ਼ਾਲੀ ਬੈਡਮਿੰਟਨ ਖਿਡਾਰਨ ਸ਼ਾਂਭਵੀ ਨੇ ਭੁਵਨੇਸ਼ਵਰ ਵਿਖੇ ਆਯੋਜਿਤ ਈਸਟ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੇਮਿਸਾਲ ਹੁਨਰ, ਦ੍ਰਿੜ੍ਹ ਇਰਾਦੇ ਤੇ ਖੇਡ ਪ੍ਰਤੀ ਅਟੁੱਟ ਜਜ਼ਬੇ ਦਾ ਪ੍ਰਦਰਸ਼ਨ ਕਰਦਿਆਂ ਸ਼ਾਂਭਵੀ ਨੇ ਤਿੰਨ ਮੁਕਾਬਲਿਆਂ ’ਚ ਜਿੱਤ ਹਾਸਲ ਕਰਕੇ ਯੂਨੀਵਰਸਿਟੀ ਲਈ ਤਿੰਨ ਸੋਨ ਤਮਗੇ ਆਪਣੇ ਨਾਮ ਕੀਤੇ। ਸ਼ਾਂਭਵੀ ਨੇ ਡਬਲਜ਼, ਮਿਕਸਡ ਡਬਲਜ਼ ਤੇ ਓਪਨ ਟੀਮ ਮੁਕਾਬਲੇ ਵਿਚ ਸੋਨ ਤਮਗੇ ਜਿੱਤੇ। ਉਸਦੀ ਇਹ ਸ਼ਾਨਦਾਰ ਉੱਪਲਬਧੀ ਉਸਦੀ ਅਣਥੱਕ ਮਿਹਨਤ, ਲਗਾਤਾਰ ਅਭਿਆਸ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਸਦੀ ਇਸ ਕਾਮਯਾਬੀ ਨੇ ਉਸਦੇ ਪਰਿਵਾਰ, ਕੋਚਾਂ ਅਤੇ ਪੂਰੀ ਸੀਟੀ ਯੂਨੀਵਰਸਿਟੀ ਦੀ ਟੀਮ ਨੂੰ ਮਾਣ ਮਹਿਸੂਸ ਕਰਵਾਇਆ ਹੈ। ਡਾ. ਮਨਬੀਰ ਸਿੰਘ ਪ੍ਰੋ ਵਾਈਸ ਚਾਂਸਲਰ ਸੀਟੀ ਯੂਨੀਵਰਸਿਟੀ ਨੇ ਸ਼ਾਂਭਵੀ ਨੂੰ ਵਧਾਈ ਦਿੰਦਿਆਂ ਕਿਹਾ ਤਿੰਨ ਸੋਨ ਤਮਗੇ ਜਿੱਤਣਾ ਸੀਟੀ ਯੂਨੀਵਰਸਿਟੀ ਲਈ ਮਾਣ ਵਾਲੀ ਉਪਲਬਧੀ ਹੈ। ਸ਼ਾਂਭਵੀ ਦਾ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਾ ਸੱਚਮੁੱਚ ਪ੍ਰੇਰਣਾਦਾਇਕ ਹੈ। ਇੰਜੀ. ਦਵਿੰਦਰ ਸਿੰਘ ਡਾਇਰੈਕਟਰ ਡੀਐੱਸਡਬਲਿਊ ਸੀਟੀ ਯੂਨੀਵਰਸਿਟੀ ਨੇ ਕਿਹਾ ਸ਼ਾਂਭਵੀ ਦਾ ਸ਼ਾਨਦਾਰ ਪ੍ਰਦਰਸ਼ਨ ਉਸਦੀ ਮਿਹਨਤ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਸਦੇ ਤਿੰਨ ਸੋਨ ਤਗਮਿਆਂ ਨੇ ਪੂਰੇ ਸੀਟੀਯੂ ਪਰਿਵਾਰ ਦਾ ਮਾਣ ਵਧਾਇਆ ਹੈ। ਗੁਰਦੀਪ ਸਿੰਘ ਸਪੋਰਟਸ ਹੈੱਡ ਸੀਟੀ ਯੂਨੀਵਰਸਿਟੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਸ਼ਾਂਭਵੀ ਦੀ ਕਾਮਯਾਬੀ ਉਸਦੇ ਨਿਰੰਤਰ ਅਭਿਆਸ ਤੇ ਸੰਘਰਸ਼ਸ਼ੀਲ ਜਜ਼ਬੇ ਦਾ ਨਤੀਜਾ ਹੈ। ਉਸਦੀ ਉੱਪਲਬਧੀ ਕਈ ਨੌਜਵਾਨ ਸੀਟੀਅਨਜ਼ ਨੂੰ ਖੇਡਾਂ ਵਿਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਸੀਟੀ ਯੂਨੀਵਰਸਿਟੀ ਪਰਿਵਾਰ ਵੱਲੋਂ ਸ਼ਾਂਭਵੀ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਦਿਲੋਂ ਵਧਾਈ ਦਿੱਤੀ ਜਾਂਦੀ ਹੈ ਤੇ ਉਸ ਦੇ ਉਜਲੇ ਤੇ ਸਫ਼ਲ ਖੇਡ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਉਸ ਦਾ ਇਹ ਸੁਨਹਿਰੀ ਪ੍ਰਦਰਸ਼ਨ ਇਕ ਵਾਰ ਫਿਰ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰ ’ਤੇ ਆਪਣੀ ਕਾਬਲੀਅਤ ਦਿਖਾਉਣ ਲਈ ਮੌਕੇ ਪ੍ਰਦਾਨ ਕਰਨ ਪ੍ਰਤੀ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।