ਸੀਟੀ ਯੂਨੀਵਰਸਿਟੀ ਵੱਲੋਂ ਤੀਜੀ ਵਿਸ਼ਵ ਅਰਾਸ਼ੀ ਐੱਮਐੱਮਏ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸੀਟੀ ਯੂਨੀਵਰਸਿਟੀ ਲੁਧਿਆਣਾ ਸੀਟੀ ਯੂਨੀਵਰਸਿਟੀ ਲੁਧਿਆਣਾ
Publish Date: Tue, 27 Oct 2026 07:20 PM (IST)
Updated Date: Wed, 28 Oct 2026 04:07 AM (IST)
12 ਦੇਸ਼ਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ, ਅੰਤਰਰਾਸ਼ਟਰੀ ਚੈਂਪੀਅਨਸ਼ਿਪ ਨੇ ਮਾਰਸ਼ਲ ਆਰਟਸ, ਖੇਡ ਭਾਵਨਾ ਤੇ ਵਿਸ਼ਵ ਪੱਧਰੀ ਸਹਿਯੋਗ ਨੂੰ ਦਿੱਤਾ ਹੁਲਾਰਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਸੀਟੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੀਜੀ ਵਿਸ਼ਵ ਅਰਾਸ਼ੀ ਐੱਮਐੱਮਏ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪ 2026 ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ਦਾ ਆਯੋਜਨ ਅਰਾਸ਼ੀ ਐੱਮਐੱਮਏ ਐਸੋਸੀਏਸ਼ਨ ਰਜਿਸਟਰਡ ਭਾਰਤ ਵੱਲੋਂ ਇੰਟਰਨੈਸ਼ਨਲ ਫੈੱਡਰੇਸ਼ਨ ਆਫ਼ ਅਰਾਸ਼ੀ ਐੱਮਐੱਮਏ ਦੇ ਸਹਿਯੋਗ ਨਾਲ ਕੀਤਾ ਗਿਆ। ਕਜ਼ਾਖਿਸਤਾਨ, ਕਿਰਗਿਸਤਾਨ, ਮਿਸਰ, ਨਿਊਜ਼ੀਲੈਂਡ, ਬੰਗਲਾਦੇਸ਼, ਨੇਪਾਲ, ਭੂਟਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ ਅਤੇ ਰੂਸ ਸਮੇਤ 12 ਦੇਸ਼ਾਂ ਦੇ ਖਿਡਾਰੀਆਂ ਅਤੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ। ਉਦਘਾਟਨੀ ਸਮਾਰੋਹ ਵਿਚ ਇੰਟਰਨੈਸ਼ਨਲ ਫੈੱਡਰੇਸ਼ਨ ਆਫ਼ ਅਰਾਸ਼ੀ ਐੱਮਐੱਮਏ ਦੇ ਪ੍ਰਧਾਨ ਅਸ਼ਖਾਤ ਮੁਸਿਨੋਵ, ਨਗਰ ਨਿਗਮ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸੀਟੀ ਯੂਨੀਵਰਸਿਟੀ ਦੇ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਇੰਜੀਨੀਅਰ ਦਵਿੰਦਰ ਸਿੰਘ, ਅਰਾਸ਼ੀ ਐੱਮਐੱਮਏ ਐਸੋਸੀਏਸ਼ਨ ਰਜਿ: ਭਾਰਤ ਦੇ ਸੰਸਥਾਪਕ ਅਤੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਯੋਗੀ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਅਤੇ ਐੱਫ਼ਆਈਸੀਓ ਲੁਧਿਆਣਾ ਦੇ ਪ੍ਰਧਾਨ ਗੁਰਮੀਤ ਕੁਲਾਰ ਹਾਜ਼ਰ ਸਨ। ਯੂਨੀਵਰਸਿਟੀ ਦੀ ਅਗਵਾਈ ਵਿਚ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਅਤੇ ਰਜਿਸਟਰਾਰ ਸੰਜੇ ਖੰਡੂਰੀ ਸ਼ਾਮਲ ਹਨ। ਯੂਨੀਵਰਸਿਟੀ ਪ੍ਰਬੰਧਨ ਖੇਡਾਂ, ਨੌਜਵਾਨਾਂ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਸਾਂਝ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਲਗਾਤਾਰ ਪ੍ਰੋਤਸਾਹਿਤ ਕਰ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੀਟੀ ਯੂਨੀਵਰਸਿਟੀ ਦੇ ਡਾਇਰੈਕਟਰ ਸਟੂਡੈਂਟ ਵੈੱਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਖੇਡ ਮੁਕਾਬਲੇ ਨੌਜਵਾਨ ਖਿਡਾਰੀਆਂ ਵਿਚ ਅਨੁਸ਼ਾਸਨ, ਦ੍ਰਿੜ੍ਹਤਾ, ਅਗਵਾਈ ਦੇ ਗੁਣ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੀਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਖੇਡ ਚੈਂਪੀਅਨਸ਼ਿਪਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਅਸ਼ਖਾਤ ਮੁਸਿਨੋਵ ਅਤੇ ਪ੍ਰਦੀਪ ਕੁਮਾਰ ਯੋਗੀ ਨੇ ਚੈਂਪੀਅਨਸ਼ਿਪ ਦੇ ਸਫ਼ਲ ਆਯੋਜਨ ਵਿਚ ਸੀਟੀ ਯੂਨੀਵਰਸਿਟੀ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ, ਸਮੁੱਚੇ ਯੂਨੀਵਰਸਿਟੀ ਪ੍ਰਬੰਧਨ ਅਤੇ ਆਯੋਜਨ ਟੀਮ ਦਾ ਕੀਮਤੀ ਸਹਿਯੋਗ ਲਈ ਧੰਨਵਾਦ ਕੀਤਾ।