- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਯੂਨੀ ਵਰਸਿਟੀ ਨੇ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਨੇ ਆਪਣੀ ਖੇਡ ਵਿਰਾਸਤ ਵਿਚ ਇਕ ਹੋਰ ਸੁਨਹਿਰਾ ਅਧਿਆਇ ਜੋੜਦਿਆਂ ਇਤਿਹਾਸ ਰਚ ਦਿੱਤਾ ਹੈ। ਸੀਟੀ ਯੂਨੀਵਰਸਿਟੀ ਦੀ ਪਾਵਰਲਿਫਟਰ ਸਨੇਹਾ ਘਰਾਮੀ ਨੇ ਕੈਨੇਡਾ ਦੇ ਵਿਨੀਪੈਗ ਵਿਚ ਹੋਈ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ਵਿਚ ਜੂਨੀਅਰ 76 ਕਿੱਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਨੇਹਾ ਨੇ ਸਕੁਐਟ, ਬੈਂਚ ਪ੍ਰੈੱਸ ਅਤੇ ਡੈੱਡਲਿਫਟ ਤਿੰਨਾਂ ਮੁਕਾਬਲਿਆਂ ’ਚ ਸੋਨੇ ਦੇ ਤਮਗੇ ਜਿੱਤੇ। ਇਸ ਦੇ ਨਾਲ ਹੀ 500 ਕਿੱਲੋਗ੍ਰਾਮ ਦੇ ਕੁੱਲ ਭਾਰ ਨਾਲ ਓਵਰਆਲ ਸੋਨੇ ਦਾ ਤਮਗਾ ਵੀ ਆਪਣੇ ਨਾਮ ਕੀਤਾ। ਸਨੇਹਾ ਨੇ ਸਕੁਐਟ ਵਿਚ 190 ਕਿੱਲੋਗ੍ਰਾਮ, ਬੈਂਚ ਪ੍ਰੈੱਸ ਵਿਚ 120 ਕਿਲੋਗ੍ਰਾਮ ਅਤੇ ਡੈੱਡਲਿਫਟ ਵਿਚ 190 ਕਿੱਲੋਗ੍ਰਾਮ ਭਾਰ ਚੁੱਕਦਿਆਂ ਤਿੰਨਾਂ ਮੁਕਾਬਲਿਆਂ ਵਿਚ ਨਵੇਂ ਕਾਮਨਵੈਲਥ ਰਿਕਾਰਡ ਕਾਇਮ ਕੀਤੇ। ਇਹ ਸ਼ਾਨਦਾਰ ਪ੍ਰਦਰਸ਼ਨ ਸਿਰਫ਼ ਸਰੀਰਕ ਤਾਕਤ ਦਾ ਸਬੂਤ ਨਹੀਂ, ਸਗੋਂ ਸਾਲਾਂ ਦੀ ਮਿਹਨਤ, ਅਨੁਸ਼ਾਸਨ, ਤਿਆਗ, ਲਗਾਤਾਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਸੀਟੀ ਯੂਨੀਵਰਸਿਟੀ ਲਈ ਇਹ ਉਪਲਬਧੀ ਸਿਰਫ਼ ਤਮਗਿਆਂ ਅਤੇ ਰਿਕਾਰਡਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਇਕ ਅਜਿਹੀ ਨੌਜਵਾਨ ਖਿਡਾਰਨ ਦੀ ਪ੍ਰੇਰਣਾਦਾਇਕ ਕਹਾਣੀ ਹੈ, ਜਿਸ ਨੇ ਆਪਣੀ ਅਣਥੱਕ ਮਿਹਨਤ ਨੂੰ ਅੰਤਰਰਾਸ਼ਟਰੀ ਮਾਣ ਵਿਚ ਬਦਲ ਦਿੱਤਾ। ਸਨੇਹਾ ਦੀ ਇਸ ਇਤਿਹਾਸਕ ਉਪਲਬਧੀ ’ਤੇ ਵਧਾਈ ਦਿੰਦਿਆਂ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸਨੇਹਾ ਦੀ ਉਪਲਬਧੀ ਪੂਰੇ ਸੀਟੀ ਯੂਨੀਵਰਸਿਟੀ ਪਰਿਵਾਰ ਲਈ ਬੇਹੱਦ ਮਾਣ ਵਾਲਾ ਪਲ ਹੈ। ਤਿੰਨਾਂ ਮੁਕਾਬਲਿਆਂ ’ਚ ਸੋਨੇ ਦੇ ਤਮਗੇ ਜਿੱਤਣਾ ਅਤੇ ਤਿੰਨ ਨਵੇਂ ਕਾਮਨਵੈਲਥ ਰਿਕਾਰਡ ਬਣਾਉਣਾ ਸੱਚਮੁੱਚ ਸ਼ਾਨਦਾਰ ਹੈ। ਉਸਦੀ ਸਫਲਤਾ ਦ੍ਰਿੜ੍ਹ ਇਰਾਦੇ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਪ੍ਰਤੀਕ ਹੈ। ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਸਨੇਹਾ ਦੀ ਇਹ ਉਪਲਬਧੀ ਉਸਦੇ ਨਾਲ-ਨਾਲ ਪੂਰੇ ਸੀਟੀ ਯੂਨੀਵਰਸਿਟੀ ਦੇ ਖੇਡ ਭਾਈਚਾਰੇ ਲਈ ਮਾਣ ਦਾ ਵਿਸ਼ਾ ਹੈ। 500 ਕਿੱਲੋਗ੍ਰਾਮ ਦਾ ਕੁੱਲ ਭਾਰ ਅਤੇ ਤਿੰਨ ਕਾਮਨਵੈਲਥ ਰਿਕਾਰਡ ਉਸਦੀ ਬੇਮਿਸਾਲ ਤਾਕਤ, ਇਕਾਗਰਤਾ ਅਤੇ ਨਿਰੰਤਰਤਾ ਨੂੰ ਦਰਸਾਉਂਦੇ ਹਨ। ਉਸਦੀ ਉੱਪਲਬਧੀ ਹੋਰ ਨੌਜਵਾਨ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰੇਗੀ। ਇਸ ਉਪਲਬਧੀ ਪਿੱਛੇ ਸੀਟੀ ਯੂਨੀਵਰਸਿਟੀ ਦੇ ਡੀਐਸਡਬਲਿਊ ਡਾਇਰੈਕਟਰ ਇੰਜੀਨੀਅਰ ਦਵਿੰਦਰ ਸਿੰਘ ਅਤੇ ਖੇਡ ਮੁਖੀ ਗੁਰਦੀਪ ਸਿੰਘ ਦੇ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨਾ ਸੀਟੀ ਯੂਨੀਵਰਸਿਟੀ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।