ਸੀਟੀ ਯੂਨੀਵਰਸਿਟੀ ਵੱਲੋਂ ਕੁਇੱਕ ਹੀਲ ਅਕੈਡਮੀ ਨਾਲ ਸਾਂਝੇਦਾਰੀ ਸੀਟੀ ਯੂਨੀਵਰਸਿਟੀ ਨੇ ਸਾਈਬਰ
Publish Date: Fri, 23 Oct 2026 04:02 PM (IST)
Updated Date: Fri, 23 Oct 2026 04:04 PM (IST)
ਸਹਿਯੋਗ ਤਹਿਤ ਉਦਯੋਗ-ਕੇਂਦਰਿਤ 24 ਪਾਠਕ੍ਰਮ ਕਰਵਾਏ ਜਾਣਗੇ ਉਪਲੱਬਧ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਨੇ ਸਾਈਬਰ ਸੁਰੱਖਿਆ ਦੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੁਇੱਕ ਹੀਲ ਅਕੈਡਮੀ ਨਾਲ ਉਦਯੋਗ-ਅਕਾਦਮਿਕ ਸਾਂਝੇਦਾਰੀ ਕੀਤੀ ਹੈ। ਕੁਇੱਕ ਹੀਲ ਅਕੈਡਮੀ, ਪੁਣੇ, ਮਹਾਰਾਸ਼ਟਰ ਸਥਿਤ ਕੁਇੱਕ ਹੀਲ ਟੈਕਨੋਲੋਜੀਜ਼ ਲਿਮਟਿਡ ਦੀ ਇਕ ਇਕਾਈ ਹੈ। ਕੰਪਿਊਟਰ ਅਤੇ ਨੈੱਟਵਰਕ ਸੁਰੱਖਿਆ ਦੇ ਹੱਲਾਂ ਦੇ ਖ਼ੇਤਰ ਵਿਚ ਤਿੰਨ ਦਹਾਕਿਆਂ ਤੋਂ ਵੱਧ ਦੇ ਖੋਜ ਅਤੇ ਵਿਕਾਸ ਦੇ ਤਜਰਬੇ ਨਾਲ, ਕੁਇੱਕ ਹੀਲ ਟੈਕਨੋਲੋਜੀਜ਼ ਲਿਮਟਿਡ ਭਾਰਤ ਦੀਆਂ ਮੋਹਰੀ ਸੂਚਨਾ ਤਕਨਾਲੌਜੀ ਸੁਰੱਖਿਆ ਹੱਲ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ’ਚੋਂ ਇਕ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰਲੇ ਪਾੜੇ ਨੂੰ ਘਟਾਉਣਾ ਹੈ। ਇਸ ਤਹਿਤ ਯੂਨੀਵਰਸਿਟੀ ਦੇ ਵਿੱਦਿਅਕ ਪ੍ਰੋਗਰਾਮਾਂ ਵਿਚ ਵਿਹਾਰਕ ਸਾਈਬਰ ਸੁਰੱਖਿਆ ਸਿੱਖਿਆ, ਹੱਥੀਂ ਸਿਖਲਾਈ ਅਤੇ ਪੇਸ਼ੇਵਰ ਪ੍ਰਮਾਣੀਕਰਨ ਦੇ ਮੌਕੇ ਸ਼ਾਮਲ ਕੀਤੇ ਜਾਣਗੇ। ਇਸ ਪਹਿਲਕਦਮੀ ਤਹਿਤ ਬੀਟੈੱਕ ਦੇ ਵਿਦਿਆਰਥੀਆਂ ਲਈ ਉਦਯੋਗ-ਕੇਂਦਰਿਤ 14 ਪਾਠਕ੍ਰਮ ਅਤੇ ਬੀਸੀਏ ਦੇ ਵਿਦਿਆਰਥੀਆਂ ਲਈ 10 ਪਾਠਕ੍ਰਮ ਉੱਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬੀਟੈੱਕ ਦੇ ਚਾਰ ਪਾਠਕ੍ਰਮਾਂ ਅਤੇ ਬੀਸੀਏ ਦੇ ਦੋ ਪਾਠਕ੍ਰਮਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੰਪਟੀਆ ਪ੍ਰਮਾਣੀਕਰਨ ਪ੍ਰੋਗਰਾਮਾਂ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਡਿਜੀਟਲ ਵਾਤਾਵਰਣ ਵਿਚ ਸਾਈਬਰ ਸੁਰੱਖਿਆ ਸਾਰੇ ਉਦਯੋਗਾਂ ਲਈ ਇਕ ਅਹਿਮ ਤਰਜੀਹ ਬਣ ਗਈ ਹੈ। ਕੁਇੱਕ ਹੀਲ ਅਕੈਡਮੀ ਨਾਲ ਸਾਡਾ ਸਹਿਯੋਗ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧ ਕੇ ਅਸਲ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਇਹ ਸਹਿਯੋਗ ਸਾਡੇ ਉਦਯੋਗ-ਅਨੁਕੂਲ ਅਕਾਦਮਿਕ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਸਮੇਂ ਉਦਯੋਗਿਕ ਭਾਈਵਾਲ ਵੱਲੋਂ ਨਿਤਿਨ ਭੋਗਨ ਡਾਇਰੈਕਟਰ ਕੁਇੱਕ ਹੀਲ ਅਕੈਡਮੀ ਅਤੇ ਅਵਧੇਸ਼ ਕੁਮਾਰ ਸ਼ੁਕਲਾ ਮੈਨੇਜਰ ਕੁਇੱਕ ਹੀਲ ਅਕੈਡਮੀ ਮੌਜੂਦ ਸਨ। ਯੂਨੀਵਰਸਿਟੀ ਵੱਲੋਂ ਡਾ. ਪੰਕਜ ਜੈਨ, ਡਾਇਰੈਕਟਰ ਕਾਰਪੋਰੇਟ ਰਿਸੋਰਸ ਸੈਂਟਰ ਅਤੇ ਡਾ. ਇਸ਼ਪ੍ਰੀਤ ਸਿੰਘ ਵਿਰਕ, ਮੁਖੀ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਸੀਟੀ ਯੂਨੀਵਰਸਿਟੀ, ਵੀ ਉਦਯੋਗ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ, ਅਕਾਦਮਿਕ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਰੀਅਰ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹ ਦੇਣ ਦੇ ਯੂਨੀਵਰਸਿਟੀ ਦੇ ਵਿਆਪਕ ਯਤਨਾਂ ਨਾਲ ਜੁੜੇ ਹੋਏ ਹਨ।