- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਯੂਨੀਵਰਸਿਟੀ ਵੱਲੋਂ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਵੱਲੋਂ ਮੈਡੀਕਲ ਇਮੇਜਿੰਗ ਦੇ ਖ਼ੇਤਰ ਵਿਚ ਨਵੀਆਂ ਤਕਨੀਕਾਂ ਅਤੇ ਆਧੁਨਿਕ ਵਿਕਾਸ ਨੂੰ ਕੇਂਦਰ ਵਿਚ ਰੱਖਦਿਆਂ ਦੂਜੀ ਸੀਐੱਮਈ ਅਤੇ ਹੈਂਡਸ-ਆਨ ਵਰਕਸ਼ਾਪ 2026 ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਦੋ ਰੋਜ਼ਾ ਸਮਾਗਮ ਦਾ ਆਯੋਜਨ ਸਕੂਲ ਆਫ਼ ਐਲਾਇਡ ਐਂਡ ਹੈਲਥਕੇਅਰ ਦੇ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੌਜੀ ਵਿਭਾਗ ਵੱਲੋਂ “ਐਡਵਾਂਸਿੰਗ ਮੈਡੀਕਲ ਇਮੇਜਿੰਗ: ਫ੍ਰੌਮ ਇਮੇਜ ਐਕਵਿਜ਼ੀਸ਼ਨ ਟੂ ਇੰਟੈਲੀਜੈਂਟ ਡਾਇਗਨੋਸਿਸ” ਵਿਸ਼ੇ ਤਹਿਤ ਕੀਤਾ ਗਿਆ। ਇਸ ਸਮਾਗਮ ਵਿਚ ਦੇਸ਼ ਦੇ ਪ੍ਰਸਿੱਧ ਰੇਡੀਓਲੌਜੀ ਮਾਹਿਰਾਂ, ਸਿਹਤ ਪੇਸ਼ੇਵਰਾਂ, ਅਕਾਦਮਿਕ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਮੈਡੀਕਲ ਇਮੇਜਿੰਗ ਦੇ ਖ਼ੇਤਰ ਵਿਚ ਉੱਭਰ ਰਹੀਆਂ ਤਕਨੀਕਾਂ ਅਤੇ ਨਵੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੀ ਸ਼ੁਰੂਆਤ ਪਰੰਪਰਾਗਤ ਦੀਪ ਪ੍ਰਜਵਲਨ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਹੋਈ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ, ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਸਮੇਤ ਕਈ ਪਤਵੰਤੇ ਸੱਜਣ ਅਤੇ ਡੈਲੀਗੇਟ ਮੌਜੂਦ ਰਹੇ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ, ਆਧੁਨਿਕ ਸਿਹਤ ਸੇਵਾਵਾਂ ਵਿੱਚ ਮੈਡੀਕਲ ਇਮੇਜਿੰਗ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਹਤ ਖੇਤਰ ਵਿਚ ਕੁਸ਼ਲ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਨਿਰੰਤਰ ਸਿੱਖਿਆ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਬੇਹੱਦ ਜ਼ਰੂਰੀ ਹੈ। ਸੀਟੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜੋ ਉਨ੍ਹਾਂ ਦੇ ਅਕਾਦਮਿਕ ਗਿਆਨ ਨੂੰ ਵਿਹਾਰਕ ਤਜਰਬੇ ਨਾਲ ਜੋੜ ਕੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੀਟੀ ਯੂਨੀਵਰਸਿਟੀ ਵਿਚ ਸਾਡਾ ਵਿਸ਼ਵਾਸ ਹੈ ਕਿ ਮਿਆਰੀ ਸਿੱਖਿਆ ਸਿਰਫ਼ ਸਿਧਾਂਤਕ ਗਿਆਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਵਿਚ ਵਿਹਾਰਕ ਤਜਰਬੇ, ਨਵੀਨਤਾ ਅਤੇ ਉਦਯੋਗ-ਆਧਾਰਿਤ ਸਿੱਖਿਆ ਨੂੰ ਵੀ ਬਰਾਬਰ ਮਹੱਤਵ ਮਿਲਣਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਪੀਜੀਆਈਐਮਈਆਰ ਚੰਡੀਗੜ੍ਹ, ਏਮਜ਼ ਭੋਪਾਲ, ਗਲਗੋਟੀਆਜ਼ ਯੂਨੀਵਰਸਿਟੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸੀਐਮਸੀ ਲੁਧਿਆਣਾ ਸਮੇਤ ਹੋਰ ਪ੍ਰਸਿੱਧ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਵਿਸ਼ੇਸ਼ ਸੈਸ਼ਨ ਕਰਵਾਏ ਗਏ। ਸਫ਼ਲ ਸਮਾਗਮ ਨੇ ਐਲਾਇਡ ਹੈਲਥਕੇਅਰ ਸਾਇੰਸਜ਼ ਦੇ ਖੇਤਰ ਵਿਚ ਤਜ਼ੁਰਬਾ-ਆਧਾਰਿਤ ਸਿੱਖਿਆ, ਅਕਾਦਮਿਕ ਉੱਤਮਤਾ, ਤਕਨੀਕੀ ਨਵੀਨਤਾ ਅਤੇ ਪੇਸ਼ੇਵਰ ਹੁਨਰਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਇਕ ਵਾਰ ਫਿਰ ਮਜ਼ਬੂਤੀ ਨਾਲ ਦਰਸਾਇਆ।