ਸੀਟੀ ਯੂਨੀਵਰਸਿਟੀ ਨੇ ਦੋ ਰੋਜ਼ਾ ਆਈਬੀਐੱਮ ਤਕਨੀਕੀ ਮਹੋਤਸਵ 2026 ਕਰਵਾਇਆ ਸੀਟੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ
Publish Date: Sat, 14 Nov 2026 03:11 PM (IST)
Updated Date: Sat, 14 Nov 2026 03:12 PM (IST)
ਵਿਦਿਆਰਥੀਆਂ ਨੇ ਸਿੱਖੀਆਂ ਸਾਫ਼ਟਵੇਅਰ ਵਿਕਾਸ ਦੀਆਂ ਬਰੀਕੀਆਂ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਸਕੂਲ ਵੱਲੋਂ ਦੋ ਰੋਜ਼ਾ ਆਈਬੀਐੱਮ ਤਕਨੀਕੀ ਮਹੋਤਸਵ 2026 ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੀਆਂ ਲੋੜਾਂ, ਉੱਭਰਦੀਆਂ ਤਕਨਾਲੌਜੀਆਂ, ਨਵੀਨਤਾ ਅਤੇ ਹੁਨਰ ਵਿਕਾਸ ਨਾਲ ਜਾਣੂੰ ਕਰਵਾਉਣਾ ਸੀ। ਇਸ ਮੌਕੇ ਉਦਯੋਗਿਕ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਨੇ ਵਿਹਾਰਕ ਸਿੱਖਿਆ, ਤਕਨੀਕੀ ਗਿਆਨ ਅਤੇ ਉਦਯੋਗ ਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕੀਤਾ। ਸਮਾਗਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿਚ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਉੱਪ ਚਾਂਸਲਰ ਡਾ. ਨਿਤਿਨ ਟੰਡਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਇਸ਼ਪ੍ਰੀਤ ਸਿੰਘ ਵਿਰਕ, ਅਧਿਆਪਕ ਅਤੇ ਆਈਬੀਐੱਮ ਦੀ ਕਰੀਅਰ ਸਿੱਖਿਆ ਟੀਮ ਵੀ ਮੌਜੂਦ ਰਹੀ। ਉਦਘਾਟਨੀ ਸੈਸ਼ਨ ਤੋਂ ਬਾਅਦ ਸਵਾਗਤੀ ਭਾਸ਼ਣ, ਆਈਬੀਐੱਮ ਦੀ ਪੇਸ਼ਕਾਰੀ, ਸਵਾਲ-ਜਵਾਬ ਸੈਸ਼ਨ ਅਤੇ ਗਿਆਨਵਰਧਕ ਪ੍ਰਸ਼ਨੋਤਰੀ ਕਰਵਾਈ ਗਈ। ਪਹਿਲੇ ਦਿਨ ਦੇ ਮੁੱਖ ਆਕਰਸ਼ਣਾਂ ਵਿੱਚ ‘ਉਦਯੋਗਿਕ ਸੋਚ ਅਨੁਸਾਰ ਕੰਮ ਕਰਨਾ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਅਤੇ ਨਮਨ ਸੈਣੀ ਵੱਲੋਂ ਅੰਕੜਿਆਂ ਦੀ ਦ੍ਰਿਸ਼ਮਾਨ ਪੇਸ਼ਕਾਰੀ ਬਾਰੇ ਵਿਹਾਰਕ ਵਰਕਸ਼ਾਪ ਕਰਵਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਪ੍ਰੋਜੈਕਟ ਪੇਸ਼ ਕਰਕੇ ਆਪਣੀ ਤਕਨੀਕੀ ਮੁਹਾਰਤ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਦੂਜੇ ਦਿਨ ਰਚਨਾਤਮਕ ਸੋਚ, ਨਕਲੀ ਬੁੱਧੀਮਤਾ ਅਤੇ ਸੰਪੂਰਨ ਸਾਫਟਵੇਅਰ ਵਿਕਾਸ ਵਿਸ਼ਿਆਂ ’ਤੇ ਸਮਾਂਤਰ ਵਰਕਸ਼ਾਪਾਂ ਕਰਵਾਈਆਂ ਗਈਆਂ। ਇੰਨ੍ਹਾਂ ਦਾ ਸੰਚਾਲਨ ਕ੍ਰਮਵਾਰ ਮਯੰਕ ਡੋਡਾ, ਰਾਹੁਲ ਬਤਰਾ ਅਤੇ ਰਵੀ ਕੁਮਾਰ ਵਰਮਾ ਨੇ ਕੀਤਾ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨਾਲੋਜੀਆਂ, ਉਨ੍ਹਾਂ ਦੇ ਵਿਹਾਰਕ ਉਪਯੋਗ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਸਿਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਆਈਬੀਐੱਮ ਦੀ ਕਰੀਅਰ ਸਿੱਖਿਆ ਟੀਮ ਵਿਚ ਨਮਨ ਸੈਣੀ, ਉਦਯੋਗਿਕ ਕਾਰਜ ਪ੍ਰਬੰਧਕ ਰਾਹੁਲ ਬਤਰਾ, ਰਣਨੀਤਕ ਵਿਕਾਸ ਪ੍ਰਬੰਧਕ; ਮਯੰਕ ਡੋਡਾ, ਰਚਨਾਤਮਕ ਸੋਚ ਅਤੇ ਨਵੀਨਤਾ ਸਿਖਲਾਈ ਮਾਹਿਰ ਅਤੇ ਰਵੀ ਕੁਮਾਰ ਵਰਮਾ, ਐਪਲੀਕੇਸ਼ਨ ਵਿਕਾਸ ਮਾਹਿਰ ਸ਼ਾਮਲ ਸਨ। ਸਮਾਪਤੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਪ੍ਰੋ ਚਾਂਸਲਰ ਅਤੇ ਪ੍ਰਬੰਧ ਨਿਰਦੇਸ਼ਕ ਡਾ. ਮਨਬੀਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਅਧਿਆਪਕ, ਉਦਯੋਗਿਕ ਮਾਹਿਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਇਸ ਮੌਕੇ ਕੁਲਪਤੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਸਫਲਤਾ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਵੀ ਤਿਆਰ ਕਰਨਾ ਹੈ। ਇਸ ਦੋ ਰੋਜ਼ਾ ਸਮਾਗਮ ਦੀ ਸਫ਼ਲਤਾ ਵਿਚ ਉੱਪ ਚਾਂਲਸਰ ਡਾ. ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ ਵਿਦਿਆਰਥੀ ਭਲਾਈ ਇੰਜੀਨੀਅਰ ਜੋਹਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ, ਮਾਰਗਦਰਸ਼ਨ ਅਤੇ ਉਤਸ਼ਾਹ ਦੀ ਵੀ ਅਹਿਮ ਭੂਮਿਕਾ ਰਹੀ। ਇਸ ਦੋ ਰੋਜ਼ਾ ਸਮਾਗਮ ਨੇ ਉਦਯੋਗ ਆਧਾਰਿਤ ਸਿੱਖਿਆ, ਤਜ਼ੁਰਬੇ ਰਾਹੀਂ ਸਿੱਖਣ, ਤਕਨੀਕੀ ਨਵੀਨਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਲਈ ਤਿਆਰ ਕਰਨ ਪ੍ਰਤੀ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਇਕ ਵਾਰ ਫਿਰ ਮਜ਼ਬੂਤ ਕੀਤਾ।