- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਮਿ ਊਨ ਿਸਟ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਜ਼ਿਲ੍ਹਾ ਮੋਗਾ ਦੀ ਕੌਂਸਲ ਦੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸਥਿਤ ਸਤੀਸ਼ ਲੂੰਬਾ ਹਾਲ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਉੱਘੇ ਪਾਰਟੀ ਆਗੂ ਕਾਮਰੇਡ ਦਰਸ਼ਨ ਸਿੰਘ ਮਿਸ਼ਰੀਵਾਲਾ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸਮੁੱਚੀ ਕੌਂਸਲ ਵੱਲੋਂ ਇਕ ਮਿੰਟ ਦਾ ਮੌਨ ਧਾਰ ਕੇ ਵਿੱਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਵੱਖ-ਵੱਖ ਏਜੰਡੇ ਕੌਂਸਲ ਦੇ ਸਾਹਮਣੇ ਪੇਸ਼ ਕੀਤੇ। ਇਸ ਮੌਕੇ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਜਗਰੂਪ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੌਮਾਂਤਰੀ ਹਾਲਾਤ ਬਾਰੇ ਵਿਚਾਰ ਪੇਸ਼ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਸਰਮਾਏਦਾਰੀ ਸਰਕਾਰਾਂ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਦਾ ਜੀਵਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਵਿਚ ਵਿਦਿਆਰਥੀ, ਨੌਜਵਾਨ, ਬੇਰੁਜ਼ਗਾਰ, ਮਜ਼ਦੂਰ ਅਤੇ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਉੱਭਰ ਰਹੀਆਂ ਲੋਕ ਲਹਿਰਾਂ ਅਤੇ ਮਜ਼ਦੂਰ ਜਮਾਤ ਦੇ ਸੰਘਰਸ਼ ਇਸ ਗੱਲ ਦਾ ਸੰਕੇਤ ਹਨ ਕਿ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਇਸ ਲਹਿਰ ਨੂੰ ਸਹੀ ਦਿਸ਼ਾ ਦੇਣ ਲਈ ਮਜ਼ਬੂਤ, ਯੋਗ ਅਤੇ ਇਨਕਲਾਬੀ ਅਗਵਾਈ ਦੀ ਲੋੜ ਹੈ। ਕਾਮਰੇਡ ਜਗਰੂਪ ਨੇ ਦੱਸਿਆ ਕਿ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਸੱਦੇ ’ਤੇ 1 ਤੋਂ 3 ਦਸੰਬਰ ਤੱਕ ਦੇਸ਼ ਵਿਆਪੀ ਸਤਿਆਗ੍ਰਹਿ ਅਤੇ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ। ਇਸ ਅੰਦੋਲਨ ਤਹਿਤ ਹਜ਼ਾਰਾਂ ਕਮਿਊਨਿਸਟ ਕਾਰਕੁੰਨ ਗ੍ਰਿਫ਼ਤਾਰੀਆਂ ਦੇਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਆਪਕ ਲਾਮਬੰਦੀ ਕਰਨ ਦੀ ਅਪੀਲ ਕੀਤੀ। ਅੰਤ ਵਿਚ ਮੀਟਿੰਗ ਦੇ ਪ੍ਰਧਾਨ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਪਹੁੰਚੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸੀਪੀਆਈ ਦੀ ਜ਼ਿਲ੍ਹਾ ਮੋਗਾ ਇਕਾਈ 1 ਤੋਂ 3 ਦਸੰਬਰ ਤੱਕ ਹੋਣ ਵਾਲੇ ਜੇਲ੍ਹ ਭਰੋ ਅੰਦੋਲਨ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕਰੇਗੀ। ਇਸ ਮੀਟਿੰਗ ਵਿਚ ਸੁਖਜਿੰਦਰ ਮਹੇਸਰੀ, ਜਗਦੀਸ਼ ਸਿੰਘ ਚਾਹਲ, ਡਾ. ਇੰਦਰਵੀਰ ਗਿੱਲ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਕਾਮਰੇਡ ਗੁਰਮੀਤ ਸਿੰਘ ਵਾਂਦਰ, ਸਵਰਾਜ ਸਿੰਘ ਢੁੱਡੀਕੇ, ਗੁਰਦਿੱਤ ਸਿੰਘ ਦੀਨਾ, ਸਵਰਨ ਸਿੰਘ ਖੋਸਾ, ਇਕਬਾਲ ਸਿੰਘ ਤਖਾਣਵੱਧ, ਮਹਿੰਦਰ ਸਿੰਘ ਧੂਰਕੋਟ, ਸਤਵੰਤ ਸਿੰਘ ਖੋਟੇ, ਕਾਮਰੇਡ ਗੁਰਮੇਲ ਸਿੰਘ ਨਾਹਰ, ਇੰਦਰਜੀਤ ਸਿੰਘ ਦੀਨਾ ਅਤੇ ਜਸਪ੍ਰੀਤ ਕੌਰ ਬੱਧਨੀ ਸਮੇਤ ਹੋਰ ਆਗੂਆਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।