ਸਾਬਕਾ ਸਰਪੰਚ ਸੁਖਚੈਨ ਸਿੰਘ ਕਾਂਗਰਸ ’ਚ ਸ਼ਾਮਲ ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ
Publish Date: Thu, 23 Jul 2026 04:44 PM (IST)
Updated Date: Thu, 23 Jul 2026 04:46 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿਚ ਰੱਖਦਿਆਂ ਧਰਮਕੋਟ ਹਲਕੇ ਵਿਚ ਕਾਂਗਰਸ ਪਾਰਟੀ ਨੇ ਆਪਣੀ ਸਿਆਸੀ ਸਰਗਰਮੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਤਹਿਤ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਮਿਸ਼ਨ 2027 ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਧਰਮਕੋਟ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਪਿੰਡ ਢੋਲੇਵਾਲਾ ਵਿਖੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਪਤਵੰਤਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਧਰਮਕੋਟ ਹਲਕੇ ਦੇ ਵਿਕਾਸ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਦਾ ਮੁੱਖ ਉਦੇਸ਼ ਧਰਮਕੋਟ ਹਲਕੇ ਨੂੰ ਨਸ਼ਾ-ਮੁਕਤ, ਗੁੰਡਾਗਰਦੀ-ਮੁਕਤ ਅਤੇ ਅਮਨ-ਸ਼ਾਂਤੀ ਵਾਲਾ ਇਲਾਕਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਘਰ-ਘਰ ਤੱਕ ਪਹੁੰਚ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਅਤੇ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਆਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਦੇ ਭਰਪੂਰ ਸਹਿਯੋਗ ਨਾਲ ਧਰਮਕੋਟ ਹਲਕੇ ਵਿੱਚ ਮੁੜ ਮਜ਼ਬੂਤ ਸਥਿਤੀ ਹਾਸਲ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਇਕਜੁਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਹਰ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਰਣਨੀਤੀ ’ਤੇ ਵੀ ਵਿਚਾਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਚੰਗੇਰੇ ਭਵਿੱਖ ਲਈ ਲੋਕਾਂ ਨੂੰ ਇਕ ਵਿਕਲਪਕ ਅਤੇ ਮਜ਼ਬੂਤ ਰਾਜਨੀਤਿਕ ਸੋਚ ਦੀ ਲੋੜ ਹੈ, ਜਿਸ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸੋਹਣਾ ਖੇਲਾ ਜਲਾਲਾਬਾਦ ਯੂਥ ਕਾਂਗਰਸੀ ਆਗੂ, ਗੁਰਬੀਰ ਸਿੰਘ ਗੋਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਈਸ਼ਵਰ ਸਿੰਘ ਢਿੱਲੋਂ ਮਹਿਰੋਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਸਿਵਾਜ ਸਿੰਘ ਭੋਲਾ ਮਸਤੇਵਾਲਾ, ਅਮਨਦੀਪ ਸਿੰਘ ਗਿੱਲ, ਗੁਰਭੇਜ ਸਿੰਘ ਸਿੱਧੂ, ਇਕਬਾਲ ਸਿੰਘ ਰਾਮਗੜ੍ਹ, ਸਰਬਜੀਤ ਸਿੰਘ ਘਾਲੀ ਧਰਮ ਸਿੰਘ ਵਾਲਾ, ਗੁਰਜੰਟ ਸਿੰਘ ਬਾਜੇਕੇ, ਪਿੰਦਰ ਚਾਹਲ, ਜਗਰਾਜ ਸਿੰਘ ਕਾਦਰਵਾਲਾ, ਕਾਰਜ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਫੌਜੀ, ਤਰਲੋਕ ਸਿੰਘ ਸੀਨੀਅਰ ਕਾਂਗਰਸੀ ਆਗੂ, ਜਗਸੀਰ ਸਿੰਘ, ਮੀਤ ਸੰਧੂ, ਮੋਹਨ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਨਿੰਮਾ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਥਾਣੇਦਾਰ, ਬਲਰਾਜ ਮਹਿਰੋਂ, ਕਾਲਾ ਮਹਿਰੋਂ, ਜਸਵੰਤ ਸਿੰਘ ਢਿੱਲੋਂ ਮਹਿਰੋਂ, ਸਿਮਰ ਮੌਜਗੜ੍ਹ, ਪ੍ਰਤਾਪ ਮੌਜਗੜ੍ਹ, ਜਗਮੋਹਨ ਨੰਬਰਦਾਰ, ਹਰਜੀਤ ਟੋਨਾ ਲੌਗੀਵਿੰਡ, ਸੁਖਦੇਵ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਵਰਕਰ ਅਤੇ ਪਿੰਡ ਢੋਲੇਵਾਲਾ ਦੇ ਵਸਨੀਕ ਹਾਜ਼ਰ ਰਹੇ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਪਿੰਡ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਸੁੱਖਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਦਾ ਐਲਾਨ ਕੀਤਾ। ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਅੰਤ ਵਿੱਚ ਕਾਂਗਰਸੀ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਮਿਸ਼ਨ 2027 ਤਹਿਤ ਹਲਕੇ ਦੇ ਹਰ ਪਿੰਡ ਅਤੇ ਹਰ ਬੂਥ ਤੱਕ ਪਹੁੰਚ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਧਰਮਕੋਟ ਹਲਕੇ ਵਿਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ।