- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਰਕਾਰ ਦੀ ਮਿਨਿਸਟਰੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਭਾਰਤ ਸਰਕਾਰ ਦੀ ਮਿਨਿਸਟਰੀ ਆਫ਼ ਇਨਵਾਇਰਮੈਂਟ ਫਾਰਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੀ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਰਾਹੀਂ ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫ਼ਰੀਦਕੋਟ ਵਿਖੇ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਪੰਜਾਬ ਦੇ ਛੇ ਜ਼ਿਲ੍ਹਿਆਂ ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਜਲੰਧਰ ਅਤੇ ਕਪੂਰਥਲਾ ਤੋਂ ਕਰੀਬ 150 ਅਧਿਆਪਕਾਂ/ਈਕੋ ਕਲੱਬ ਇੰਚਾਰਜਾਂ, ਰਿਸੋਰਸ ਪਰਸਨ ਅਤੇ ਅਧਿਕਾਰੀਆਂ ਨੇ ਭਾਗ ਲਿਆ। ਇਸ ਦੌਰਾਨ ਅਧਿਆਪਕਾਂ ਨੇ ਵਾਤਾਵਰਨ ਨਾਲ ਜੁੜੇ ਮੁੱਦਿਆਂ, ਟਿਕਾਊ ਜੀਵਨ-ਜਾਚ ਅਤੇ ਸੰਭਾਲ ਦੀਆਂ ਨਵੀਆਂ ਪਹੁੰਚਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਜੁਆਇੰਟ ਡਾਇਰੈਕਟਰ ਡਾ. ਕੇਐੱਸ ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਿਨੀ ਠਾਕੁਰ ਦੇ ਸਹਿਯੋਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਅੰਜਨਾ ਕੌਸ਼ਲ ਅਤੇ ਜ਼ਿਲ੍ਹਾ ਕੋਆਰਡੀਨੇਟਰ ਫ਼ਰੀਦਕੋਟ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ। ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਗਈ। ਇਸ ਵਰਕਸ਼ਾਪ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਈਈਪੀ ਡਾ. ਦੀਪਕ ਸ਼ਰਮਾ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਮੋਗਾ ਜ਼ਿਲ੍ਹੇ ਦੇ 15 ਇਕੋ ਕਲੱਬ ਇੰਚਾਰਜਾਂ ਵੱਲੋਂ ਭਾਗ ਲਿਆ ਗਿਆ। ਡਾ. ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ ਵਿਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਜਨੀਸ਼ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਰਕਸ਼ਾਪ ਦੀ ਸ਼ੁਰੂਆਤ ਵਾਤਾਵਰਨ-ਕੇਂਦਰਿਤ ਸੱਭਿਆਚਾਰਕ ਪੇਸ਼ਕਾਰੀ ਨਾਲ ਹੋਈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਰੀਦਕੋਟ ਦੇ ਜੇਈ ਜਗਸੀਰ ਸਿੰਘ ਨੇ ਸੰਬੋਧਨ ਕਰਦਿਆਂ ਕੁਦਰਤੀ ਸਰੋਤਾਂ ਦੀ ਜ਼ਿੰਮੇਵਾਰ ਵਰਤੋਂ ਅਤੇ ਰੋਜ਼ਾਨਾ ਜੀਵਨ ਵਿਚ ਟਿਕਾਊ ਆਦਤਾਂ ਅਪਣਾਉਣ ਦੀ ਮਹੱਤਤਾ ਉਜਾਗਰ ਕੀਤੀ। ਨੇਚਰ ਐਜੂਕੇਟਰ ਅਤੇ ਵਾਈਲਡਲਾਈਫ਼ ਕੰਜ਼ਰਵੇਸ਼ਨਿਸਟ ਮਾਣਿਕ ਕਪੂਰ ਨੇ ਸੱਪਾਂ, ਉਨ੍ਹਾਂ ਦੀ ਵਾਤਾਵਰਨਕ ਮਹੱਤਤਾ ਅਤੇ ਸੱਪਾਂ ਨਾਲ ਸੁਰੱਖਿਅਤ ਵਿਹਾਰ ਸਬੰਧੀ ਜਾਣਕਾਰੀ ਭਰਪੂਰ ਤੇ ਸੰਵਾਦਾਤਮਕ ਸੈਸ਼ਨ ਕਰਵਾਇਆ। ਇਸ ਮੌਕੇ ਅਸ਼ੀਮ ਕੁਮਾਰ ਅਤੇ ਗਗਨਦੀਪ ਸਿੰਘ ਵੱਲੋਂ ਲਗਾਈ ਗਈ ਬਰਡ ਫੋਟੋਗ੍ਰਾਫੀ ਪ੍ਰਦਰਸ਼ਨੀ ਨੇ ਸਥਾਨਕ ਪੰਛੀ ਜਗਤ ਦੀ ਵਿਭਿੰਨਤਾ ਨੂੰ ਉਜਾਗਰ ਕੀਤਾ ਅਤੇ ਕੁਦਰਤੀ ਜੈਵ-ਵਿਭਿੰਨਤਾ ਨੂੰ ਨੇੜਿਓਂ ਦੇਖਣ ਤੇ ਸਮਝਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਈਈਪੀ ਕੋਆਰਡੀਨੇਟਰ ਵਰਿੰਦਰ ਸ਼ਰਮਾ ਵੱਲੋਂ ਤਿਆਰ ਕੀਤੀ ਵਾਈਲਡਲਾਈਫ਼ ਫੋਟੋਗ੍ਰਾਫੀ ਪ੍ਰਦਰਸ਼ਨੀ ਵਿਚ ਜੰਗਲੀ ਜੀਵ-ਜੰਤੂਆਂ ਦੀ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਵਰਕਸ਼ਾਪ ਵਿਚ ਸ਼ਾਮਲ ਜ਼ਿਲ੍ਹਿਆਂ ਦੀਆਂ ਈਈਪੀ ਟੀਮਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੂੰ ਆਪਣੇ ਆਪਣੇ ਜ਼ਿਲ੍ਹੇ ਵਿਚ ਵਾਤਾਵਰਨ ਸਿੱਖਿਆ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸਨਮਾਨਿਤ ਕੀਤਾ ਗਿਆ। ਕਪੂਰਥਲਾ ਤੋਂ ਗਗਨਦੀਪ ਸਿੰਘ, ਫ਼ਿਰੋਜ਼ਪੁਰ ਤੋਂ ਉਮੇਸ਼ ਕੁਮਾਰ ਫ਼ਾਜ਼ਿਲਕਾ ਤੋਂ ਵਿਜੈਪਾਲ ਮੋਗਾ ਤੋਂ ਡਾ. ਦੀਪਕ ਸ਼ਰਮਾ ਦੀ ਅਗਵਾਈ ਵਿਚ ਸ਼ਾਮਲ ਟੀਮਾਂ ਦੇ ਅਧਿਆਪਕਾਂ/ ਈਕੋ ਕਲੱਬ ਇੰਚਾਰਜਾਂ ਨੂੰ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਸਰਟੀਫਿਕੇਟ ਵੰਡੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਜੱਸੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਫ਼ਰੀਦਕੋਟ ਨੇ ਨਿਭਾਈ। ਉਨ੍ਹਾਂ ਦੀ ਪ੍ਰਭਾਵਸ਼ਾਲੀ ਮੰਚ ਸੰਚਾਲਨ ਸ਼ੈਲੀ ਨੇ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਤਕਨੀਕੀ ਸੈਸ਼ਨਾਂ ਨੂੰ ਵਾਤਾਵਰਨ ਜਾਗਰੂਕਤਾ ਦੇ ਕੇਂਦਰੀ ਵਿਸ਼ੇ ਨਾਲ ਜੋੜੀ ਰੱਖਿਆ। ਵਰਕਸ਼ਾਪ ਦੇ ਸਮਾਪਤੀ ਮੌਕੇ ਈਕੋ ਕਲੱਬ ਅਧਿਆਪਕਾਂ ਨੂੰ ਵਾਤਾਵਰਨ ਸੰਭਾਲ ਅਤੇ ਟਿਕਾਊ ਜੀਵਨ-ਜਾਚ ਦਾ ਸੰਦੇਸ਼ ਸਕੂਲ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਸਮਾਜ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।