
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਭਰ ਦੇ ਮਨਿਸਟੀਰੀਅਲ

ਮਨਿਸਟੀਰੀਅਲ ਕਾਮੇ ਅੱਜ ਕਰਨਗੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਭਰ ਦੇ ਮਨਿਸਟੀਰੀਅਲ ਕਾਮਿਆਂ ਵੱਲੋਂ ਅੱਜ ਦੇ ਦਿੱਤੇ ਪੰਜਾਬ ਮਹਾਂਬੰਦ ਦੌਰਾਨ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ, ਦਫ਼ਤਰਾਂ ਸਮੇਤ ਸਿਵਲ ਹਸਪਤਾਲ ਅਧੀਨ ਆਉਂਦੀਆਂ ਡਿਸਪੈਂਸਰੀਆਂ ਵਿਚ ਕੰਮ ਕਰਦੇ ਮਨਿਸਟੀਰੀਅਲ ਕਾਮੇ ਸਮੂਹਿਕ ਛੁੱਟੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣਗੇ। ਪੰਜਾਬ ਮਹਾਂਬੰਦ ਦੀ ਕਾਲ ਦੌਰਾਨ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੀਆਂ ਲਾਰੀਆਂ ਅੱਜ ਸੜਕਾਂ ਤੇ ਗੇੜੀਆਂ ਲਗਾਉਂਦੀਆਂ ਨਜ਼ਰ ਆਉਣਗੀਆਂ। ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕਾਮਿਆਂ ਦੀ ਵਿਤ ਮੰਤਰੀ ਹਰਪਾਲ ਚੀਮਾ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਭਰੋਸਾ ਮਿਲਣ ਤੋਂ ਬਾਅਦ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕਾਮਿਆਂ ਨੇ ਹੜਤਾਲ ਵਾਪਸ ਲੈ ਲਈ ਹੈ। ਇਸ ਦੀ ਪੁਸ਼ਟੀ ਮੋਗਾ ਡਿਪੂ ਤੋਂ ਯੂਨੀਅਨ ਦੇ ਸੈਕਟਰੀ ਗੁਰਪ੍ਰੀਤ ਸਿੰਘ ਜੈਲਦਾਰ ਨੇ ਕੀਤੀ ਹੈ।
ਸਰਕਾਰੀ ਦਫਤਰ ਰਹਿਣਗੇ ਮੁਕੰਮਲ ਬੰਦ
ਇਕੱਤਰ ਕੀਤੇ ਗਏ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਮਹਾਂਬੰਦ ਦੀ ਕਾਲ ਦੌਰਾਨ ਸੂਬੇ ਭਰ ਵਿਚ ਸਰਕਾਰੀ ਦਫ਼ਤਰਾਂ ਵਿਚ ਮੁਕੰਮਲ ਹੜਤਾਲ ਰਹੇਗੀ ਅਤੇ ਅੱਜ ਦੇ ਦਿਨ ਸਰਕਾਰੀ ਬਾਬੂਆਂ ਵੱਲੋਂ ਸਮੂਹਿਕ ਛੁੱਟੀ ਤੇ ਰਹਿਣ ਕਰਕੇ ਦਫ਼ਤਰਾਂ ਵਿਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਥੇ ਹੀ ਸਰਕਾਰ ਦੇ ਮਾਲੀਆ ਵਿਚ ਭਾਰੀ ਗਿਰਾਵਟ ਨਜ਼ਰ ਆਵੇਗੀ।
ਸਿਹਤ ਸੇਵਾਵਾਂ ’ਤੇ ਵੀ ਪਵੇਗਾ ਅਸਰ
ਅੱਜ ਦੇ ਪੰਜਾਬ ਬੰਦ ਦੀ ਕਾਲ ਦਾ ਅਸਰ ਸਿਹਤ ਸੇਵਾਵਾਂ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਵਿਚ ਕੰਮ ਕਰ ਰਹੇ ਮਨਿਸਟੀਰੀਅਲ ਕਾਮਿਆਂ ਵੱਲੋਂ ਪਹਿਲਾਂ ਹੀ ਹੜਤਾਲ ਕੀਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਇਹ ਹੜਤਾਲ 2 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੌਰਾਨ ਅੱਜ ਪੂਰਾ ਦਿਨ ਸਿਹਤ ਸੇਵਾਵਾਂ ਵੀ ਮੁਕੰਮਲ ਤੌਰ ਤੇ ਬੰਦ ਨਜ਼ਰ ਆਉਣਗੀਆਂ।
ਬਾਜ਼ਾਰ ਤੇ ਸਬਜ਼ੀ ਮੰਡੀਆਂ ਰਹਿਣਗੀਆਂ ਖੁੱਲ੍ਹੀਆਂ
ਮਨਿਸਟੀਰੀਅਲ ਕਾਮਿਆਂ ਵੱਲੋਂ ਪੰਜਾਬ ਬੰਦ ਦੌਰਾਨ ਪਹਿਲੇ ਦਿਨ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਕਿਸੇ ਨਾਗਰਿਕ ਨੂੰ ਪ੍ਰੇਸ਼ਾਨ ਕਰਨ ਦਾ ਇਰਾਦਾ ਨਹੀਂ ਹੈ। ਬੰਦ ਦੀ ਕਾਲ ਦੌਰਾਨ ਪੂਰੇ ਪੰਜਾਬ ਦੇ ਬਜਾਰ ਅਤੇ ਸਬਜੀ ਮੰਡੀਆਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ ਅਤੇ ਕਿਸੇ ਵੀ ਕਿਸਮ ਦੀ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ।
ਸਰਕਾਰੀ ਸਕੂਲਾਂ ਨੂੰ ਵੀ ਇਕ ਦਿਨ ਲਈ ਲੱਗੇਗਾ ਜਿੰਦਾ
ਮਨਿਸਟੀਰੀਅਲ ਕਾਮਿਆਂ ਦੀ ਹਮਾਇਤ ’ਤੇ ਉੱਤਰੇ ਸਰਕਾਰੀ ਅਧਿਆਪਕ ਵੀ ਇਕ ਦਿਨ ਲਈ ਸਮੂਹਿਕ ਛੁੱਟੀ ਤੇ ਹਨ। ਡੀਟੀਐੱਫ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਝੋਰੜਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਅੱਜ ਦੇ ਦਿਨ ਦੀ ਸਰਕਾਰੀ ਸਕੂਲਾਂ ਵਿਚ ਛੁੱਟੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਹਮਾਇਤ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਸਮੂਹਿਕ ਛੁੱਟੀ ਲੈ ਕੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
----
ਜ਼ਰੂਰੀ ਬਾਕਸ
ਸੜਕਾਂ ’ਤੇ ਦੌੜਨਗੀਆਂ ਰੋਡਵੇਜ਼ ਦੀਆਂ ਲਾਰੀਆਂ
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੱਚੇ ਕਾਮਿਆਂ ਨੇ ਬੱਸਾਂ ਨੂੰ ਸੜਕਾਂ ’ਤੇ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਜੈਲਦਾਰ ਨੇ ਕਿਹਾ ਕਿ ਸੂਬਾ ਆਗੂਆਂ ਦੀ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੀਆਂ ਲਾਰੀਆਂ ਆਮ ਵਾਂਗ ਸੜਕਾਂ ਤੇ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਯੂਨੀਅਨ ਵੱਲੋਂ 6 ਸਤੰਬਰ ਨੂੰ ਬੈਠਕ ਕੀਤੀ ਜਾਵੇਗੀ।