- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਅਗਲੇ ਤਿੰਨ ਦਿਨ ਲਈ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਉਹ 3 ਅਗਸਤ ਤੋਂ 5 ਅਗਸਤ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਤੱਕ ਮੁਕੰਮਲ ਹੜਤਾਲ ’ਤੇ ਰਹਿਣਗੇ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪੰਜਾਬ ਵਿਚ ਅਗਲੇ ਤਿੰਨ ਦਿਨ ਲਈ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਉਹ 3 ਅਗਸਤ ਤੋਂ 5 ਅਗਸਤ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਤੱਕ ਮੁਕੰਮਲ ਹੜਤਾਲ ’ਤੇ ਰਹਿਣਗੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਇਕਾਈ ਮੋਗਾ ਦੇ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਅਗਲੇ ਤਿੰਨ ਦਿਨਾਂ ਲਈ ਸਾਡੇ ਕੱਚੇ ਕਾਮੇ ਹੜਤਾਲ ’ਤੇ ਜਾਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਕੱਚੇ ਕਾਮਿਆਂ ਵੱਲੋਂ ਹੜਤਾਲ ਦੌਰਾਨ ਜਿੱਥੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਉਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੌਰਾਨ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਸਵਾਰੀਆਂ ਦੀ ਖੱਜਲ ਖ਼ੁਆਰੀ ਅਤੇ ਪ੍ਰਾਈਵੇਟ ਬੱਸਾਂ ਦੀ ਰਹੇਗੀ ਚਾਂਦੀ
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਕਾਰਨ ਜਿੱਥੇ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਉਥੇ ਇਨ੍ਹਾਂ ਤਿੰਨ ਦਿਨਾਂ ਵਿਚ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਖੂਬ ਚਾਂਦੀ ਬਣੀ ਰਹੇਗੀ। ਇਸ ਹੜਤਾਲ ਕਾਰਨ ਜਿੱਥੇ ਪੰਜਾਬ ਸਰਕਾਰ ਦੇ ਮਾਲੀਆ ਵਿਚ ਘਾਟਾ ਦਿੱਸੇਗਾ ਉਥੇ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਮਨਮਰਜ਼ੀ ਨਾਲ ਸਵਾਰੀਆਂ ਦੀ ਢੋਆ-ਢੁਆਈ ਵਾਲੇ ਪਾਸੇ ਲੱਗਣਗੇ। ਉਧਰ ਪੰਜਾਬ ਵਿਚ ਚੱਲ ਰਹੇ ਸਾਉਣ ਦੇ ਮਹੀਨੇ ਕਾਰਨ ਬੀਬੀਆਂ ਵੱਲੋਂ ਆਪਣੀਆਂ ਧੀਆਂ-ਧਿਆਣੀਆਂ ਲਈ ਸਾਉਣ ਦੇ ਮਹੀਨੇ ਵਿਚ ਸੰਧਾਰਾ ਲੈ ਕੇ ਜਾਣ ਦੇ ਰਿਵਾਜ਼ ਨੂੰ ਵੀ ਤਿੰਨ ਦਿਨ ਬਰੈਕਾਂ ਲੱਗਣਗੀਆਂ ਕਿਉਂਕਿ ਜ਼ਿਆਦਾਤਰ ਔਰਤਾਂ ਵੱਲੋਂ ਪੰਜਾਬ ਸਰਕਾਰ ਦੀ ਸਹੂਲਤ ਮੁਫ਼ਤ ਬੱਸ ਕਿਰਾਏ ਦੌਰਾਨ ਸਰਕਾਰੀ ਬੱਸਾਂ ’ਤੇ ਸਫ਼ਰ ਕੀਤਾ ਜਾ ਰਿਹਾ ਹੈ। ਇਸ ਹੜਤਾਲ ਕਾਰਨ ਧੀਆਂ ਦੇ ਸੰਧਾਰੇ ’ਤੇ ਵੀ ਅਗਲੇ ਤਿੰਨ ਦਿਨ ਖੜੋਤ ਨਜ਼ਰ ਆਵੇਗੀ। ਇਸ ਖੜੋਤ ਕਾਰਨ ਧੀਆਂ ਵੀ ਮਾਯੂਸ ਨਜ਼ਰ ਆਉਣਗੀਆਂ।
ਕੀ ਹਨ ਕੱਚੇ ਕਾਮਿਆਂ ਦੀਆਂ ਮੰਗਾਂ
ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਡਿਪੂ ਦੇ ਕੱਚੇ ਕਾਮਿਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਠੇਕਾ ਪ੍ਰਥਾ ਬੰਦ ਕੀਤੀ ਜਾਵੇ, ਕੈਸ਼ਲੈਸ ਇਲਾਜ਼ ਅਤੇ ਸਹੂਲਤਾਂ ਦਿੱਤੀਆਂ ਜਾਣ ਅਤੇ ਹੋਰ ਜਾਇਜ਼ ਮੰਗਾਂ ਮੰਨੀਆਂ ਜਾਣ। ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਭਰ ਵਿਚ ਮੁਕੰਮਲ ਹੜਤਾਲ ਕਰ ਕੇ ਬਿਲਕੁਲ ਚੱਕਾ ਜਾਮ ਕੀਤਾ ਜਾਵੇਗਾ।
ਮੋਗਾ ਡਿੱਪੂ ਤੋਂ ਨਹੀਂ ਚੱਣਣਗੀਆਂ 46 ਬੱਸਾਂ, ਤਿੰਨ ਦਿਨਾਂ 'ਚ 15 ਤੋਂ 20 ਲੱਖ ਦਾ ਘਾਟਾ
ਇਥੇ ਜ਼ਿਕਰਯੋਗ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਮੋਗਾ ਡਿੱਪੂ ਤੋਂ ਪਨਬਸ ਅਤੇ ਪੀਆਰਟੀਸੀ ਦੀਆਂ 46 ਬੱਸਾਂ ਦਾ ਚੱਕਾ ਜਾਮ ਰਹੇਗਾ। ਇਸ ਦੌਰਾਨ ਮੋਗਾ ਡਿਪੂ ਤੋਂ ਇਨ੍ਹਾਂ ਤਿੰਨ ਦਿਨਾਂ ਵਿਚ ਪੰਜਾਬ ਸਰਕਾਰ ਨੂੰ 15 ਤੋਂ 20 ਲੱਖ ਰੁਪਏ ਦੇ ਘਾਟੇ ਨੁਕਸਾਨ ਝੱਲਣਾ ਪੈ ਸਕਦਾ ਹੈ।