ਬੀਬੀਐੱਸ ਸਕੂਲ ਵਿਖੇ ਕਰਵਾਇਆ ਕਰੀਅਰ ਗਾਈਡੈਂਸ ਪ੍ਰੋਗਰਾਮ ਇਲਾਕੇ ਦੀ ਨਾਮਵਰ ਵਿਦਿਆਕ
Publish Date: Sat, 10 Oct 2026 04:16 PM (IST)
Updated Date: Sun, 11 Oct 2026 04:03 AM (IST)
ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਟ ਬਣਨ ਦੇ ਰਾਹ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਦਿੱਤੀ ਜਾਣਕਾਰੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਟ (ਸੀਏ) ਦੇ ਪੇਸ਼ੇ, ਇਸ ਨਾਲ ਜੁੜੀਆਂ ਸੰਭਾਵਨਾਵਾਂ ਅਤੇ ਇਸ ਖੇਤਰ ਵਿਚ ਸਫਲ ਕਰੀਅਰ ਬਣਾਉਣ ਦੇ ਰਾਹ ਬਾਰੇ ਜਾਣੂ ਕਰਵਾਉਣ ਲਈ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਕਾਉਂਟਸ ਦੇ ਖੇਤਰ ਵਿਚ ਉਪਲਬਧ ਕਰੀਅਰ ਦੇ ਮੌਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਨਾਲ ਸਬੰਧਤ ਸੀਏ ਕਿਸ਼ੋਰੀ ਸ਼ਰਨ ਅਗਰਵਾਲ ਨੇ ਵਿਸ਼ੇਸ਼ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੂੰ ਸੀਏ ਦੇ ਪੇਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਧੁਨਿਕ ਵਪਾਰਕ ਜਗਤ ਵਿਚ ਚਾਰਟਰਡ ਅਕਾਊਂਟੈਂਟ ਦੀ ਮਹੱਤਤਾ ਬਾਰੇ ਦੱਸਦਿਆਂ ਵਿੱਤੀ ਪ੍ਰਬੰਧਨ, ਟੈਕਸੇਸ਼ਨ, ਆਡਿਟਿੰਗ ਅਤੇ ਕਾਰੋਬਾਰੀ ਫ਼ੈਸਲੇ ਲੈਣ ਵਿਚ ਸੀਏ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੀਏ ਕੋਰਸ ਦੇ ਵੱਖ-ਵੱਖ ਪੜਾਵਾਂ, ਜਿਵੇਂ ਕਿ ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਫਾਈਨਲ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਖੇਤਰ ਵਿਚ ਸਫਲਤਾ ਹਾਸਲ ਕਰਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੀ ਸਹੀ ਵਰਤੋਂ ਅਤੇ ਨਿਰੰਤਰ ਅਭਿਆਸ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀਏ ਦੀ ਯੋਗਤਾ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਕਾਰਪੋਰੇਟ ਜਗਤ, ਵਿੱਤੀ ਸਲਾਹਕਾਰੀ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਰਗੇ ਕਈ ਮੌਕੇ ਉਪਲੱਬਧ ਹੁੰਦੇ ਹਨ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਦੀ ਚੋਣ ਕਰਨ ਵਿਚ ਸਹਾਇਤਾ ਦੇਣ ਲਈ ਸਮੇਂ-ਸਮੇਂ ’ਤੇ ਅਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਉਹ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਉੱਚ ਸਿੱਖਿਆ ਅਤੇ ਪੇਸ਼ੇਵਰ ਕੋਰਸਾਂ ਦੀ ਚੋਣ ਕਰ ਸਕਣ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸੀਏ ਕਿਸ਼ੋਰੀ ਸ਼ਰਨ ਅਗਰਵਾਲ ਨੂੰ ਵਿਦਿਆਰਥੀਆਂ ਨਾਲ ਆਪਣਾ ਕੀਮਤੀ ਗਿਆਨ ਅਤੇ ਤਜਰਬਾ ਸਾਂਝਾ ਕਰਨ ਲਈ ‘ਗੈਸਟ ਆਫ਼ ਆਨਰ’ ਵਜੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਸਾਬਤ ਹੋਇਆ। ਇਸ ਨੇ ਉਨ੍ਹਾਂ ਨੂੰ ਚਾਰਟਰਡ ਅਕਾਊਂਟੈਂਸੀ ਨੂੰ ਇਕ ਸੰਭਾਵਨਾਵਾਂ ਭਰਪੂਰ ਕਰੀਅਰ ਵਜੋਂ ਸਮਝਣ ਅਤੇ ਆਪਣੇ ਭਵਿੱਖ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।