- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਪ੍ਰਸਿੱਧ ਵਿੱਦਿਅਕ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਟੀਐੱਲਐੱਫ਼ ਵਿਖੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨਿਟੀਜ਼ ਆਰਟਸ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਸੀਨੀਅਰ ਸੈਕੰਡਰੀ ਸਿੱਖਿਆ ਤੋਂ ਬਾਅਦ ਉੱਭਰ ਰਹੇ ਨਵੇਂ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਸੈਸ਼ਨ ਦਾ ਸੰਚਾਲਨ ਜਿਨੀਅਸ ਟੀਮ ਦੇ ਤਜਰਬੇਕਾਰ ਮਾਹਿਰਾਂ ਵੱਲੋਂ ਕੀਤਾ ਗਿਆ। ਮਾਹਿਰਾਂ ਨੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਰਵਾਇਤੀ ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰਾਂ ਤੋਂ ਇਲਾਵਾ ਐੱਨਡੀਏ, ਹਵਾਬਾਜ਼ੀ, ਡਾਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਖੋਜ਼ ਵਰਗੇ ਖ਼ੇਤਰਾਂ ਵਿਚ ਕਰੀਅਰ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਸੈਸ਼ਨ ਦਾ ਮੁੱਖ ਆਕਰਸ਼ਣ ਆਧੁਨਿਕ ਸਮੇਂ ਦੇ ਨਵੇਂ ਕਰੀਅਰ ਵਿਕਲਪ ਰਹੇ। ਮਾਹਿਰਾਂ ਨੇ ਕ੍ਰਿਮਿਨੋਲੌਜੀ, ਫੋਰੈਂਸਿਕ ਸਾਇੰਸ, ਫੋਰੈਂਸਿਕ ਸਾਈਕੋਲੋਜੀ, ਸਾਈਬਰ ਫੋਰੈਂਸਿਕਸ ਅਤੇ ਕ੍ਰਿਮਿਨਲ ਲਾਅ ਵਰਗੇ ਖ਼ੇਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਕਾਮਰਸ ਵਿਸ਼ੇ ਦੇ ਵਿਦਿਆਰਥੀਆਂ ਨੂੰ ਸੀਏ, ਸੀਐੱਸ, ਬਿਜ਼ਨੈੱਸ ਮੈਨੇਜਮੈਂਟ ਅਤੇ ਫਿਨਟੈੱਕ ਵਰਗੇ ਖ਼ੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਹਿਊਮੈਨਿਟੀਜ਼ ਦੇ ਵਿਦਿਆਰਥੀਆਂ ਨੂੰ ਮਨੋਵਿਗਿਆਨ, ਕਾਨੂੰਨ, ਪੱਤਰਕਾਰੀ, ਯੂਪੀਐੱਸਸੀ ਦੀਆਂ ਪ੍ਰੀਖਿਆਵਾਂ, ਡਿਜ਼ਾਈਨਿੰਗ, ਹੋਟਲ ਮੈਨੇਜਮੈਂਟ, ਫੈਸ਼ਨ ਅਤੇ ਫਿਲਮ ਨਿਰਮਾਣ ਵਰਗੇ ਖ਼ੇਤਰਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਮਾਹਿਰਾਂ ਨੇ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ, ਦਾਖਲਾ ਪ੍ਰੀਖਿਆਵਾਂ, 11ਵੀਂ ਜਮਾਤ ਤੋਂ ਹੀ ਤਿਆਰੀ ਸ਼ੁਰੂ ਕਰਨ ਦੀ ਸਹੀ ਰਣਨੀਤੀ ਅਤੇ ਹੁਨਰ-ਅਧਾਰਿਤ ਸਿੱਖਿਆ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸੈਸ਼ਨ ਦੌਰਾਨ ਸਵਾਲ-ਜਵਾਬ ਦਾ ਦੌਰ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛ ਕੇ ਕਰੀਅਰ ਦੀ ਚੋਣ ਨਾਲ ਸਬੰਧਤ ਉਲਝਣਾਂ ਦੂਰ ਕੀਤੀਆਂ। ਸਕੂਲ ਦੇ ਚੇਅਰਮੈਨ ਇੰਜੀ: ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਭੀੜ ਦੇ ਪਿੱਛੇ ਚੱਲਣ ਦੀ ਬਜਾਏ ਆਪਣੀ ਰੁਚੀ, ਯੋਗਤਾ ਅਤੇ ਸਮਰੱਥਾ ਅਨੁਸਾਰ ਆਤਮ-ਵਿਸ਼ਵਾਸ ਨਾਲ ਭਵਿੱਖ ਦੇ ਫ਼ੈਸਲੇ ਲੈਣ ਦੇ ਯੋਗ ਬਣਾਉਣਾ ਹੈ। ਇਹ ਸੈਸ਼ਨ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਅਤੇ ਜਾਣਕਾਰੀ ਭਰਪੂਰ ਸਾਬਤ ਹੋਇਆ।