ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਸਮਰੱਥਾ ਨਿਰਮਾਣ ਪ੍ਰੋਗਰਾਮ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ
Publish Date: Wed, 28 Oct 2026 03:47 PM (IST)
Updated Date: Thu, 29 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਮੋਗਾ ਵਿਖੇ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ ਦੇ ਉਦੇਸ਼ ਨਾਲ ‘ਰਾਸ਼ਟਰੀ ਸਿੱਖਿਆ ਨੀਤੀ 2020 ਵਿਸ਼ੇ ’ਤੇ ਇਕ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂੰ ਕਰਵਾਉਣਾ ਅਤੇ ਕਲਾਸਰੂਮ ਵਿਚ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਨੂੰ ਉਤਸ਼ਾਹਿਤ ਕਰਨਾ ਸੀ। ਸਿਖਲਾਈ ਪ੍ਰੋਗਰਾਮ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੁੱਖ ਉਦੇਸ਼ਾਂ ਵਿਦਿਆਰਥੀ-ਕੇਂਦਰਿਤ ਅਧਿਆਪਨ ਪ੍ਰਣਾਲੀ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਸਿੱਖਿਆ ਦਾ ਉਦੇਸ਼ ਕੇਵਲ ਪਾਠ-ਪੁਸਤਕਾਂ ਤੱਕ ਸੀਮਤ ਗਿਆਨ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ, ਤਰਕਸ਼ੀਲਤਾ, ਸਮੱਸਿਆਵਾਂ ਦੇ ਹੱਲ ਦੀ ਸਮਰੱਥਾ, ਸੰਚਾਰ ਹੁਨਰ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਵੀ ਹੈ। ਪ੍ਰੋਗਰਾਮ ਵਿਚ ਅਧਿਆਪਕਾਂ ਨੂੰ ਰਵਾਇਤੀ ਰੱਟਾ-ਆਧਾਰਿਤ ਸਿੱਖਿਆ ਦੀ ਬਜਾਏ ਗਤੀਵਿਧੀ-ਆਧਾਰਿਤ, ਪ੍ਰਯੋਗਾਤਮਕ ਅਤੇ ਵਿਹਾਰਕ ਸਿੱਖਿਆ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਸਮਾਵੇਸ਼ੀ ਸਿੱਖਿਆ, ਡਿਜੀਟਲ ਤਕਨਾਲੋਜੀ ਦੀ ਸੁਚੱਜੀ ਵਰਤੋਂ, ਵਿਦਿਆਰਥੀਆਂ ਦੀ ਵਿਅਕਤੀਗਤ ਯੋਗਤਾ ਦੀ ਪਛਾਣ ਅਤੇ ਮੁਲਾਂਕਣ ਪ੍ਰਣਾਲੀ ਵਿਚ ਲੋੜੀਂਦੀਆਂ ਤਬਦੀਲੀਆਂ ਬਾਰੇ ਵੀ ਚਰਚਾ ਕੀਤੀ ਗਈ। ਸਿਖਲਾਈ ਦੌਰਾਨ ਅਧਿਆਪਕਾਂ ਦੀ ਭੂਮਿਕਾ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਬਦਲਦੇ ਸਮੇਂ ਅਨੁਸਾਰ ਅਧਿਆਪਕ ਦਾ ਨਿਰੰਤਰ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਇੱਕ ਕੁਸ਼ਲ ਅਧਿਆਪਕ ਹੀ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾ ਸਕਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਮੇਲ ਸਿੰਘ ਕਲਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਇੱਕ ਇਤਿਹਾਸਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਦਾ ਮਕਸਦ ਸਿਰਫ਼ ਚੰਗੇ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਗਿਆਨਵਾਨ, ਆਤਮ-ਵਿਸ਼ਵਾਸੀ, ਹੁਨਰਮੰਦ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਅੰਤ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਵੀਨਤਾ, ਗੁਣਵੱਤਾ ਅਤੇ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਗਈ। ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਅਧਿਆਪਕਾਂ ਲਈ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ।