- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸੈਂਟਰ ਰਾਈਸ ਮਿੱਲ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਵਿਚ ਸੀਏ ਪ੍ਰੇਮ ਸਿੰਗਲ ਨੂੰ ਸਰਬਸੰਮਤੀ ਨਾਲ ਮੁੜ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੀ ਮੁੜ ਨਿਯੁਕਤੀ ’ਤੇ ਹਾਜ਼ਰ ਰਾਈਸ ਮਿੱਲ ਮਾਲਕਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਹੋਰ ਮਜ਼ਬੂਤੀ ਨਾਲ ਕੰਮ ਕਰੇਗੀ ਅਤੇ ਰਾਈਸ ਮਿੱਲਰਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਮੀਟਿੰਗ ਵਿਚ ਆਈਐੱਸਐੱਫ਼ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਅਤੇ ਬਾਸਮਤੀ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਨਰੇਸ਼ ਗੋਇਲ ਕਿੱਟੂ ਸਮੇਤ ਚੌਲ ਉਦਯੋਗ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਸੀਏ ਪ੍ਰੇਮ ਸਿੰਗਲ ਪਿਛਲੇ 26 ਸਾਲਾਂ ਤੋਂ ਮੋਗਾ ਦੇ ਚੌਲ ਉਦਯੋਗ ਵਿਚ ਪੂਰੀ ਨਿਸ਼ਠਾ ਅਤੇ ਲਗਨ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਮੁੜ ਪ੍ਰਧਾਨ ਚੁਣੇ ਜਾਣ ’ਤੇ ਸੀਏ ਪ੍ਰੇਮ ਸਿੰਗਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦਾ ਮੁੱਖ ਉਦੇਸ਼ ਰਾਈਸ ਮਿੱਲਰਾਂ ਦੀਆਂ ਸਮੱਸਿਆਵਾਂ ਨੂੰ ਢੁੱਕਵੇਂ ਮੰਚ ’ਤੇ ਉਠਾਉਣਾ ਅਤੇ ਸਬੰਧਤ ਵਿਭਾਗਾਂ ਨਾਲ ਬਿਹਤਰ ਤਾਲਮੇਲ ਸਥਾਪਤ ਕਰਨਾ ਹੋਵੇਗਾ, ਤਾਂ ਜੋ ਉਦਯੋਗ ਨਾਲ ਜੁੜੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਸੀਏ ਪ੍ਰੇਮ ਸਿੰਗਲ ਨੇ ਝੋਨੇ ਦੇ ਆਗਾਮੀ ਸੀਜ਼ਨ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਾਰ ਭਾਰਤੀ ਖੁਰਾਕ ਨਿਗਮ ਐੱਫਸੀਆਈ ਵਿਚ ਭੰਡਾਰਨ ਲਈ ਲੋੜੀਂਦੀ ਜਗ੍ਹਾ ਦੀ ਉੱਪਲਬਧਤਾ ਇਕ ਵੱਡੀ ਚੁਣੌਤੀ ਬਣ ਸਕਦੀ ਹੈ। ਝੋਨੇ ਦੀ ਆਮਦ, ਭੰਡਾਰਨ ਸਮਰੱਥਾ ਅਤੇ ਚੌਲਾਂ ਦੀ ਸਮੇਂ ਸਿਰ ਡਿਲਿਵਰੀ ਵਰਗੇ ਅਹਿਮ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਮਿੱਲ ਮਾਲਕਾਂ ਨੂੰ ਪਹਿਲਾਂ ਤੋਂ ਹੀ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿੱਲ ਮਾਲਕਾਂ, ਐਸੋਸੀਏਸ਼ਨ ਅਤੇ ਸਬੰਧਤ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਜ਼ਰੂਰੀ ਹੈ। ਸਾਰੇ ਮੈਂਬਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਚੌਲ ਉਦਯੋਗ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲਦਾ ਰਹੇ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਵੀ ਵਿਸ਼ਵਾਸ ਜਤਾਇਆ ਕਿ ਸੀ.ਏ. ਪ੍ਰੇਮ ਸਿੰਗਲ ਦੀ ਅਗਵਾਈ ਹੇਠ ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਰਾਈਸ ਮਿੱਲਰਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ-ਨਾਲ ਆਗਾਮੀ ਝੋਨੇ ਦੇ ਸੀਜ਼ਨ ਦੀਆਂ ਚੁਣੌਤੀਆਂ ਦਾ ਸਾਂਝੇ ਤੌਰ ’ਤੇ ਸਾਹਮਣਾ ਕਰੇਗੀ। ਇਸ ਮੌਕੇ ਅਮਿਤ ਸਿੰਗਲਾ, ਆਸ਼ੀਸ਼ ਮੰਗਲ, ਅਤੁਲ ਸਿੰਗਲਾ, ਬਿੱਟੂ ਬਾਂਸਲ, ਸੀਏ ਰਵਿੰਦਰ ਗੋਇਲ, ਚੀਨੂ, ਡਾ. ਰਮੇਸ਼ ਕਾਂਸਲ, ਗੋਲਡੀ ਬਾਂਸਲ, ਗੁਰਵਿੰਦਰ ਢਿੱਲੋਂ, ਪ੍ਰੇਮ ਗੋਇਲ, ਰਾਹੁਲ ਗਰਗ, ਰਾਹੁਲ ਮਿੱਤਲ, ਰਾਕੇਸ਼ ਕੁਮਾਰ, ਰੀਤੂ ਗੋਇਲ, ਸਾਗਰ ਗਰਗ, ਸਮੀਰ ਮਿੱਤਲ, ਸਮੀਰ ਮਹੇਸ਼ਵਰੀ, ਸ਼ਗੁਨ ਗੋਇਲ, ਸੁਖਜੀਤ ਮੰਗਲਾ, ਸੁਰਿੰਦਰ ਗਰਗ, ਉਧਮ ਮੰਗਲਾ ਅਤੇ ਯੋਗੇਸ਼ ਗਰਗ ਸਮੇਤ ਹੋਰ ਮੈਂਬਰ ਹਾਜ਼ਰ ਸਨ।