ਬੀਆਰਸੀ ਕਾਨਵੈਂਟ ਸਕੂਲ ਨੇ ਖੇਡਾਂ ’ਚ ਗੱਡੇ ਜਿੱਤ ਦੇ ਝੰਡੇ ਬੀਆਰਸੀ ਕਾਨਵੈਂਟ ਸਕੂਲ ਸਮਾਧ
Publish Date: Tue, 13 Oct 2026 03:30 PM (IST)
Updated Date: Wed, 14 Oct 2026 04:02 AM (IST)
ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਤੇ ਇਲਾਕੇ ਦਾ ਮਾਣ ਵਧਾਇਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਕੁਸ਼ਤੀ ਮੁਕਾਬਲਿਆਂ ਅਤੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਵਿਚ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ, ਅਣਥੱਕ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਲੋਹਾ ਮਨਵਾਇਆ। ਗੋਧੇਵਾਲਾ ਇਨਡੋਰ ਸਟੇਡੀਅਮ ਮੋਗਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਵਿਚ ਸਕੂਲ ਦੇ ਪਹਿਲਵਾਨਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਇੰਨ੍ਹਾਂ ਮੁਕਾਬਲਿਆਂ ਵਿਚ ਤਰਨਪ੍ਰੀਤ ਸਿੰਘ ਨੇ ਅੰਡਰ-21 ਗ੍ਰੀਕੋ-ਰੋਮਨ ਕੁਸ਼ਤੀ ਵਿਚ ਪਹਿਲਾ ਸਥਾਨ, ਚਰਨਪ੍ਰੀਤ ਸਿੰਘ ਕਲੇਰ ਨੇ ਅੰਡਰ-17 ਗ੍ਰੀਕੋ-ਰੋਮਨ ਕੁਸ਼ਤੀ ਵਿਚ ਪਹਿਲਾ ਸਥਾਨ ਅਤੇ ਗੁਰਵੀਨ ਕੌਰ ਨੇ ਅੰਡਰ-17 ਫ੍ਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਰਮਨਵੀਰ ਕੌਰ ਨੇ ਅੰਡਰ-14 ਫ੍ਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਅੰਡਰ-17 ਫ੍ਰੀ ਸਟਾਈਲ ਕੁਸ਼ਤੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ। ਗੁਰਫ਼ਤਿਹਵੀਰ ਸਿੰਘ ਨੇ ਅੰਡਰ-11 ਫ੍ਰੀ ਸਟਾਈਲ ਕੁਸ਼ਤੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ ਵਿਚ ਵੀ ਬੀਆਰਸੀ ਕਾਨਵੈਂਟ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਅਤੇ ਅੰਡਰ-21 ਵਰਗਾਂ ਦੀਆਂ ਦੋਵੇਂ ਟੀਮਾਂ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿਚ ਇਕ ਹੋਰ ਮਾਣਮੱਤਾ ਅਧਿਆਇ ਜੋੜਿਆ। ਖਿਡਾਰੀਆਂ ਦੀਆਂ ਇੰਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਅਤੇ ਪ੍ਰਿੰਸੀਪਲ ਕਿਰਨਾ ਰਾਣੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਖਿਡਾਰੀਆਂ ਦੀ ਲਗਨ, ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਕੋਚ ਸਹਿਬਾਨਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕੋਚ ਗੁਰਸੇਵਕ ਸਿੰਘ, ਗੁਰਜੀਤ ਸਿੰਘ, ਜਸਦੀਪ ਸਿੰਘ ਅਤੇ ਮਹਾਂਵੀਰ ਨੂੰ ਵੀ ਬਹੁਤ-ਬਹੁਤ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਨਵੀਆਂ ਮੱਲਾਂ ਮਾਰਦੇ ਰਹਿਣਗੇ।