- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਥਾਣਾ ਸਾਊਥ ਸਿਟੀ ਦੇ ਅਧੀਨ ਆਉਂਦੇ ਨਿਊ ਟਾਊਨ ਨੰਬਰ-1 ਵਿਖੇ ਸ਼ਨੀਵਾਰ ਸ਼ਾਮ ਨੂੰ ਗੁੰਡਾਗਰਦੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਮਾਮੂਲੀ ਵਿਵਾਦ ਤੋਂ ਬਾਅਦ ਕਰੀਬ 15 ਤੋਂ 20 ਨੌਜਵਾਨਾਂ ਨੇ ਇੱਕ ਸੈਲੂਨ ਨੂੰ ਨਿਸ਼ਾਨਾ ਬਣਾਉਂਦਿਆਂ ਜੰਮ ਕੇ ਪਥਰਾਅ ਕੀਤਾ ਅਤੇ ਭੰਨਤੋੜ ਕੀਤੀ।

ਵਕੀਲ ਮਹਿਰੋਂ, ਮੋਗਾ : ਸ਼ਹਿਰ ਦੇ ਥਾਣਾ ਸਾਊਥ ਸਿਟੀ ਦੇ ਅਧੀਨ ਆਉਂਦੇ ਨਿਊ ਟਾਊਨ ਨੰਬਰ-1 ਵਿਖੇ ਸ਼ਨੀਵਾਰ ਸ਼ਾਮ ਨੂੰ ਗੁੰਡਾਗਰਦੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਮਾਮੂਲੀ ਵਿਵਾਦ ਤੋਂ ਬਾਅਦ ਕਰੀਬ 15 ਤੋਂ 20 ਨੌਜਵਾਨਾਂ ਨੇ ਇੱਕ ਸੈਲੂਨ ਨੂੰ ਨਿਸ਼ਾਨਾ ਬਣਾਉਂਦਿਆਂ ਜੰਮ ਕੇ ਪਥਰਾਅ ਕੀਤਾ ਅਤੇ ਭੰਨਤੋੜ ਕੀਤੀ।
ਹਮਲਾਵਰਾਂ ਨੇ ਸੈਲੂਨ ਦੇ ਬਾਹਰ ਲੱਗੇ ਸ਼ੀਸ਼ੇ ਵਾਲੇ ਗੇਟ ਤੋੜ ਦਿੱਤੇ ਅਤੇ ਅੰਦਰ ਦਾਖ਼ਲ ਹੋ ਕੇ ਆਖ਼ਰੀ ਕਮਰੇ ਤੱਕ ਲੱਗੇ ਸ਼ੀਸ਼ੇ ਵੀ ਚਕਨਾਚੂਰ ਕਰ ਦਿੱਤੇ। ਇਸ ਦੌਰਾਨ ਸੈਲੂਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਇੱਕ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸ਼ੁਰੂਆਤ ਉਸ ਸਮੇਂ ਹੋਈ, ਜਦੋਂ ਇੱਕ ਨੌਜਵਾਨ ਵਾਲ ਕਟਵਾਉਣ ਲਈ ਸੈਲੂਨ ਵਿੱਚ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਉਸ ਦੀ ਹਾਲਤ ਨੂੰ ਦੇਖਦਿਆਂ ਸੈਲੂਨ ਦੇ ਮੁਲਾਜ਼ਮਾਂ ਨੇ ਉਸ ਦੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਸੈਲੂਨ ਵਿੱਚ ਮਹਿਲਾ ਮੁਲਾਜ਼ਮ ਵੀ ਮੌਜੂਦ ਸਨ। ਇਸ ਗੱਲ ਨੂੰ ਲੈ ਕੇ ਨੌਜਵਾਨ ਦੀ ਮੁਲਾਜ਼ਮਾਂ ਨਾਲ ਬਹਿਸ ਹੋ ਗਈ ਅਤੇ ਉਹ ਉੱਥੋਂ ਚਲਾ ਗਿਆ।
ਪਰ ਇਸ ਘਟਨਾ ਤੋਂ ਕਰੀਬ ਅੱਧੇ ਘੰਟੇ ਬਾਅਦ ਰਾਤ ਲਗਭਗ 8 ਵਜੇ ਉਕਤ ਨੌਜਵਾਨ 15 ਤੋਂ 20 ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਮੁੜ ਸੈਲੂਨ ਪਹੁੰਚ ਗਿਆ। ਦੋਸ਼ ਹੈ ਕਿ ਉੱਥੇ ਪਹੁੰਚਦਿਆਂ ਹੀ ਨੌਜਵਾਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਸੈਲੂਨ ਦੇ ਬਾਹਰ ਲੱਗੇ ਸ਼ੀਸ਼ੇ ਵਾਲੇ ਗੇਟ ਟੁੱਟ ਗਏ। ਇਸ ਤੋਂ ਬਾਅਦ ਹਮਲਾਵਰ ਸੈਲੂਨ ਦੇ ਅੰਦਰ ਦਾਖ਼ਲ ਹੋ ਗਏ ਅਤੇ ਉੱਥੇ ਲੱਗੇ ਸ਼ੀਸ਼ਿਆਂ ਦੀ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਪੂਰੇ ਸੈਲੂਨ ਵਿੱਚ ਜੰਮ ਕੇ ਭੰਨਤੋੜ ਕੀਤੀ।
ਪੁਲਿਸ ਦੀ ਕਾਰਵਾਈ ਵਿੱਚ ਦੇਰੀ ਨੂੰ ਲੈ ਕੇ ਉੱਠੇ ਸਵਾਲ
ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਦੇ ਬਾਵਜੂਦ ਕਥਿਤ ਤੌਰ ’ਤੇ ਕਰੀਬ 40 ਮਿੰਟ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਜਦਕਿ ਸਬੰਧਤ ਥਾਣੇ ਦੀ ਦੂਰੀ ਸੈਲੂਨ ਤੋਂ ਮਹਿਜ਼ 150 ਤੋਂ 200 ਮੀਟਰ ਦੱਸੀ ਜਾ ਰਹੀ ਹੈ। ਪੁਲਿਸ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਵੀ ਤੁਰੰਤ ਕਾਰਵਾਈ ਨਾ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
ਸੈਲੂਨ ਦੇ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਸੰਭਾਵਿਤ ਹਮਲਾਵਰਾਂ ਵਿੱਚੋਂ ਕੁਝ ਨੌਜਵਾਨਾਂ ਦੇ ਨਾਂ ਪੁਲਿਸ ਨੂੰ ਦੱਸ ਦਿੱਤੇ ਗਏ ਸਨ। ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮ ਵਾਰ-ਵਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਡੀਵੀਆਰ (DVR) ਦੀ ਮੰਗ ਕਰਦੇ ਰਹੇ। ਮੁਲਾਜ਼ਮਾਂ ਅਨੁਸਾਰ ਪੁਲਿਸ ਵੱਲੋਂ ਸੈਲੂਨ ਮਾਲਕ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਸੀਸੀਟੀਵੀ ਫੁਟੇਜ ਕਿਸੇ ਹੋਰ ਵਿਅਕਤੀ ਨੂੰ ਨਾ ਦਿੱਤੀ ਜਾਵੇ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਸ ਨੌਜਵਾਨ ਤੋਂ ਹਮਲਾਵਰਾਂ ਦੀ ਪਛਾਣ ਅਤੇ ਘਟਨਾ ਸਬੰਧੀ ਅਹਿਮ ਜਾਣਕਾਰੀ ਮਿਲ ਸਕਦੀ ਸੀ, ਉਹ ਉਸ ਸਮੇਂ ਮੌਕੇ ’ਤੇ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਪੁਲਿਸ ਕਰੀਬ ਇੱਕ ਘੰਟੇ ਤੱਕ ਡੀਵੀਆਰ ਸੌਂਪਣ ਦੀ ਗੱਲ ’ਤੇ ਜ਼ੋਰ ਦਿੰਦੀ ਰਹੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਹਮਲਾਵਰਾਂ ਦੇ ਨਾਂ ਪੁਲਿਸ ਨੂੰ ਦੱਸ ਦਿੱਤੇ ਗਏ ਸਨ ਤਾਂ ਪੁਲਿਸ ਨੂੰ ਤੁਰੰਤ ਉਨ੍ਹਾਂ ਦੀ ਭਾਲ ਕਰਕੇ ਗ੍ਰਿਫ਼ਤਾਰੀ ਲਈ ਕਾਰਵਾਈ ਕਰਨੀ ਚਾਹੀਦੀ ਸੀ।
ਹਮਲਾਵਰਾਂ ਦੇ ਫ਼ਰਾਰ ਹੋਣ ਦਾ ਖ਼ਦਸ਼ਾ
ਇਸ ਘਟਨਾ ਤੋਂ ਬਾਅਦ ਸੈਲੂਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਨ ਵਿੱਚ ਹੋਈ ਦੇਰੀ ਕਾਰਨ ਹਮਲਾਵਰਾਂ ਨੂੰ ਮੌਕੇ ਤੋਂ ਫ਼ਰਾਰ ਹੋਣ ਦਾ ਮੌਕਾ ਮਿਲ ਸਕਦਾ ਹੈ। ਇਸ ਮਾਮਲੇ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜਦੋਂ ਪੁਲਿਸ ਨੂੰ ਸੰਭਾਵਿਤ ਮੁਲਜ਼ਮਾਂ ਦੇ ਨਾਂ ਅਤੇ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ਤਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਤੁਰੰਤ ਛਾਪੇਮਾਰੀ ਕਿਉਂ ਨਹੀਂ ਕੀਤੀ ਗਈ?
ਉਧਰ, ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਵਰੁਣ ਛੁੱਟੀ ’ਤੇ ਸਨ।
ਫਿਲਹਾਲ ਇਸ ਘਟਨਾ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਦੋਂ ਤੱਕ ਕਾਰਵਾਈ ਕਰਦੀ ਹੈ ਅਤੇ ਪੀੜਤਾਂ ਨੂੰ ਇਨਸਾਫ਼ ਕਦੋਂ ਮਿਲਦਾ ਹੈ।