ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਾਂ ਨੇ ਜਿੱਤੇ 4 ਸਿਲਵਰ ਮੈਡਲ ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ
Publish Date: Thu, 24 Sep 2026 04:54 PM (IST)
Updated Date: Thu, 24 Sep 2026 04:57 PM (IST)
ਕੁਲਰਾਜ ਸਿੰਘ ਨੇ ਸ਼ੂਟਿੰਗ ’ਚ ਨੈਸ਼ਨਲ ਪੱਧਰ ਲਈ ਕੀਤਾ ਕੁਆਲੀਫਾਈ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਲਸਿਲਾ ਜਾਰੀ ਰੱਖਦਿਆਂ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਮਾਣਮੱਤੀ ਪ੍ਰਾਪਤੀ ਦਰਜ ਕੀਤੀ ਹੈ। ਸਕੂਲ ਦੇ ਸ਼ੂਟਰਾਂ ਨੇ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪਿਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਸਕੂਲ ਦੇ ਹੋਣਹਾਰ ਸ਼ੂਟਰ ਕੁਲਰਾਜ ਸਿੰਘ ਨੇ ਓਪਨ ਸਾਈਟ ਰਾਈਫਲ ਸ਼ੂਟਿੰਗ ਵਿਚ ਵਿਅਕਤੀਗਤ ਸਿਲਵਰ ਮੈਡਲ ਜਿੱਤਣ ਦੇ ਨਾਲ-ਨਾਲ ਨੈਸ਼ਨਲ ਪੱਧਰ ਦੀ ਚੈਂਪਿਅਨਸ਼ਿਪ ਲਈ ਵੀ ਕੁਆਲੀਫਾਈ ਕਰਕੇ ਸਕੂਲ ਅਤੇ ਮੋਗਾ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪਿਅਨਸ਼ਿਪ ਦਾ ਆਯੋਜਨ 15 ਸਤੰਬਰ ਤੋਂ 18 ਸਤੰਬਰ 2026 ਤੱਕ ਸਾਹਿਬਜ਼ਾਦਾ ਅਜੀਤ ਸਿੰਘ ਸ਼ੂਟਿੰਗ ਅਕੈਡਮੀ, ਰੋਪੜ ਵਿਖੇ ਕੀਤਾ ਗਿਆ। ਇਸ ਵੱਕਾਰੀ ਚੈਂਪਿਅਨਸ਼ਿਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲਗਭਗ 365 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਸ਼ੂਟਿੰਗ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਵੱਲੋਂ ਇਸ ਰਾਜ ਪੱਧਰੀ ਚੈਂਪਿਅਨਸ਼ਿਪ ਵਿਚ 8 ਵਿਦਿਆਰਥੀਆਂ ਨੇ ਭਾਗ ਲਿਆ। ਇੰਨ੍ਹਾਂ ਵਿੱਚ ਕੁਦਰਤਪ੍ਰੀਤ ਕੌਰ, ਪ੍ਰਭਨਮ ਕੌਰ, ਸਤਵੀਰ ਕੌਰ, ਰਾਜਬੀਰ ਕੌਰ, ਕੁਲਰਾਜ ਸਿੰਘ, ਕਰਨਵੀਰ ਸਿੰਘ ਨਾਹਰ, ਹਰਜਾਪ ਸਿੰਘ ਅਤੇ ਪ੍ਰਿੰਸਦੀਪ ਸਿੰਘ ਸ਼ਾਮਲ ਸਨ। ਸਾਰੇ ਖਿਡਾਰੀਆਂ ਨੇ ਪੂਰੀ ਤਨਦੇਹੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਓਪਨ ਸਾਈਟ ਰਾਈਫਲ ਸ਼ੂਟਿੰਗ ਵਿਚ ਬਲੂਮਿੰਗ ਬਡਜ਼ ਸਕੂਲ ਦੇ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ। ਇਸ ਟੀਮ ਵਿੱਚ ਕੁਲਰਾਜ ਸਿੰਘ, ਕਰਨਵੀਰ ਸਿੰਘ ਨਾਹਰ ਅਤੇ ਹਰਜਾਪ ਸਿੰਘ ਸ਼ਾਮਲ ਸਨ। ਟੀਮ ਦੀ ਇਕਜੁੱਟਤਾ, ਨਿਸ਼ਾਨੇਬਾਜ਼ੀ ਦੀ ਸਹੀ ਤਕਨੀਕ ਅਤੇ ਲਗਾਤਾਰ ਅਭਿਆਸ ਨੇ ਇਸ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਕੁਲਰਾਜ ਸਿੰਘ ਨੇ ਵਿਅਕਤੀਗਤ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ। ਸਕੂਲ ਵਿਚ ਇੰਨ੍ਹਾਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਟੇਜ ’ਤੇ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਕੂਲ ਦੀ ਚੇਅਰਪਰਸਨ ਕਮਲ ਸੈਣੀ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।