- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਖੇਤੀਬਾੜੀ ਵਿਚ ਵਰਤੀਆਂ ਜਾਣ ਵਾਲੀਆਂ ਖਾਦਾਂ ਦੀਆਂ ਵਧਦੀਆਂ ਕੀਮਤਾਂ, ਉਨ੍ਹਾਂ ਦੀ ਉਪਲਬਧਤਾ ਵਿਚ ਆ ਰਹੀਆਂ ਮੁਸ਼ਕਲਾਂ ਅਤੇ ਵੰਡ ਪ੍ਰਣਾਲੀ ਵਿਚ ਕਥਿਤ ਬੇਨਿਯਮੀਆਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਡੀਏਪੀ ਸਮੇਤ ਹੋਰ ਲੋੜੀਂਦੀਆਂ ਖਾਦਾਂ ਨਿਰਧਾਰਤ ਕੀਮਤਾਂ ’ਤੇ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਕਿਸਾਨ ਜਥੇਬੰਦੀ ਨੇ ਕਿਹਾ ਕਿ ਖਾਦਾਂ ਦੀ ਕਾਲਾਬਾਜ਼ਾਰੀ, ਜਮ੍ਹਾਂਖੋਰੀ ਅਤੇ ਮਹਿੰਗਾਈ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਰਹੀ ਹੈ, ਜਿਸ ਨੂੰ ਰੋਕਣ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਅਤੇ ਯੂਨੀਅਨ ਦੇ ਹੋਰ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਮਾਹਰਾਂ ਵੱਲੋਂ ਵੀ ਖਾਦਾਂ ਦੀਆਂ ਕੀਮਤਾਂ, ਉਪਲਬਧਤਾ ਅਤੇ ਵੰਡ ਪ੍ਰਣਾਲੀ ਨੂੰ ਲੈ ਕੇ ਸਮੇਂ-ਸਮੇਂ ’ਤੇ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਸਮੇਤ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਮਹੱਤਵਪੂਰਨ ਸਮੇਂ ਦੌਰਾਨ ਖਾਦਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ। ਜੇਕਰ ਕਿਸਾਨਾਂ ਨੂੰ ਲੋੜ ਅਨੁਸਾਰ ਡੀਏਪੀ ਅਤੇ ਹੋਰ ਖਾਦਾਂ ਸਮੇਂ ਸਿਰ ਨਹੀਂ ਮਿਲਦੀਆਂ ਤਾਂ ਉਨ੍ਹਾਂ ਨੂੰ ਬਿਜਾਈ ਅਤੇ ਫ਼ਸਲਾਂ ਦੇ ਸ਼ੁਰੂਆਤੀ ਵਿਕਾਸ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਅਤੇ ਅਨਾਜ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਫ਼ਸਲ ਤਿਆਰ ਕਰਨ ਤੋਂ ਲੈ ਕੇ ਮੰਡੀ ਵਿਚ ਵੇਚਣ ਤੱਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖਾਦਾਂ ਦੀਆਂ ਦੁਕਾਨਾਂ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਖਾਦਾਂ ਦੇ ਸਟਾਕ, ਸਪਲਾਈ ਤੇ ਵਿਕਰੀ ਦੇ ਰਿਕਾਰਡ ਦੀ ਪੜਤਾਲ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਸੂਬਾ ਆਗੂ ਮੋਹਨ ਸਿੰਘ ਜੀਂਦੜਾਂ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਅਨੁਸ਼ਾਸਨਿਕ ਕਮੇਟੀ ਮੈਂਬਰ ਇਕਬਾਲ ਸਿੰਘ ਗਲੋਟੀ, ਸੂਬਾ ਆਗੂ ਗੁਰਜੰਟ ਸਿੰਘ ਗਗੜਾ, ਜ਼ਿਲ੍ਹਾ ਆਗੂ ਲਖਵੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਮੋਦਨ ਸਿੰਘ ਨਿਧਾਵਾਲਾ, ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਬੰਤ ਸਿੰਘ ਨਿਧਾਵਾਲਾ, ਬਲਾਕ ਪ੍ਰਧਾਨ ਧਰਮਕੋਟ ਜਸਵੰਤ ਸਿੰਘ ਪੰਡੋਰੀ, ਬਲਾਕ ਜਨਰਲ ਸਕੱਤਰ ਕਰਨਵੀਰ ਸਿੰਘ, ਨਿਰਮਲ ਸਿੰਘ ਮਨਾਵਾਂ, ਪਾਲ ਸਿੰਘ ਤਤਾਰੀਏ ਵਾਲਾ, ਸੁਰਜੀਤ ਸਿੰਘ ਮੈਂਬਰ ਨਿਧਾਵਾਲਾ, ਰਾਮ ਸਨੇਹੀ ਮਿੰਟੂ ਮੋਗਾ, ਅਮਰਜੀਤ ਸਿੰਘ ਖਾਲਸਾ ਪ੍ਰਧਾਨ, ਕਾਲਾ ਸਿੰਘ ਮਾਣੂਕੇ, ਹਰਮਨਪ੍ਰੀਤ ਸਿੰਘ ਦਫ਼ਤਰ ਇੰਚਾਰਜ, ਜਸਵੀਰ ਸਿੰਘ ਭਿੰਡਰ ਕਲਾਂ ਅਤੇ ਬਲਕਰਨ ਸਿੰਘ ਢਿੱਲੋਂ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।