ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
Publish Date: Mon, 05 Oct 2026 05:20 PM (IST)
Updated Date: Mon, 05 Oct 2026 05:23 PM (IST)
ਡੀਸੀ ਦਫ਼ਤਰ ਮੋਗਾ ਦੇ ਦੋਵੇਂ ਗੇਟਾਂ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਘਿਰਾਓ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਤਹਿਤ ਸੋਮਵਾਰ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਦੋਵੇਂ ਗੇਟਾਂ ਦਾ ਜ਼ਬਰਦਸਤ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਵੀ ਅੱਗੇ ਵਧ ਕੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਲੋਕ ਪੱਖੀ ਖੇਤੀ ਨੀਤੀ ਲਾਗੂ ਕਰੇ ਅਤੇ ਆਬਾਦਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਸੂਦਖੋਰੀ ਨੂੰ ਨੱਥ ਪਾਉਣ ਲਈ ਪ੍ਰਭਾਵਸ਼ਾਲੀ ਕਰਜ਼ਾ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿਚ ਪੈਦਾ ਹੋ ਰਹੇ ਪਾਣੀ ਦੇ ਗੰਭੀਰ ਸੰਕਟ ਦੇ ਹੱਲ ਲਈ ਠੋਸ ਕਦਮ ਚੁੱਕਣ ਅਤੇ ਦਰਿਆਵਾਂ ਤੇ ਨਹਿਰਾਂ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਵੱਡੇ ਸਨਅਤਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਮਹਾਂਮਾਰੀ ਨੂੰ ਰੋਕਣ ਵਿਚ ਵੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ । ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨ-ਮਜ਼ਦੂਰ ਲਹਿਰ ਨੂੰ ਕਮਜ਼ੋਰ ਕਰਨ ਦੇ ਮੰਤਵ ਨਾਲ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਦਰਜ ਕੇਸਾਂ ਨੂੰ ਵਾਪਸ ਲੈਣ ਦੇ ਕੀਤੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਮੁੜ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਦੋਵੇਂ ਗੇਟਾਂ ਦਾ ਘਿਰਾਓ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਠੋਸ ਕਦਮ ਨਹੀਂ ਚੁੱਕਦੀ, ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜੰਗੀਰ ਸਿੰਘ ਹਿੰਮਤਪੁਰਾ, ਬਲੌਰ ਸਿੰਘ ਘੱਲਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਸਿੰਘਾਂ ਵਾਲਾ, ਜਸਵਿੰਦਰ ਸਿੰਘ ਘੱਲਕਲਾਂ, ਜਗਜੀਤ ਸਿੰਘ ਕੋਕਰੀ ਕਲਾਂ, ਲਖਵੀਰ ਸਿੰਘ ਚੜਿੱਕ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਕਰਮਜੀਤ ਕੌਰ ਹਿੰਮਤਪੁਰਾ, ਹਰਬੰਸ ਕੌਰ ਚੜਿੱਕ, ਬੂਟਾ ਸਿੰਘ ਭਾਗੀਕੇ, ਗੁਰਚਰਨ ਸਿੰਘ ਰਾਮਾ, ਸੰਗਜੀਤ ਸਿੰਘ ਚੰਦੇਵਾਲਾ, ਬਲਜੀਤ ਸਿੰਘ ਸੁਖਾਨੰਦ, ਸੁਖਜੀਤ ਸਿੰਘ ਲੰਡੇਕੇ ਅਤੇ ਹਰਮੇਲ ਸਿੰਘ ਘਾਲੀ ਸਮਾਲਸਰ ਸਮੇਤ ਹੋਰ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ। ਕਚਹਿਰੀਆਂ ’ਚ ਕੰਮ ਕਰਵਾਉਣ ਆਏ ਲੋਕ ਹੋਏ ਖੱਜਲ-ਖੁਆਰ ਡੀਸੀ ਕੰਪਲੈਕਸ ਅਤੇ ਐੱਸਐੱਸਪੀ ਦਫ਼ਤਰ ਵਿਚ ਆਪਣੇ ਜ਼ਰੂਰੀ ਕੰਮਕਾਜ ਲਈ ਆਏ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨੇ ਦੇ ਮੱਦੇਨਜ਼ਰ ਡੀਸੀ ਕੰਪਲੈਕਸ ਦੇ ਚਾਰੇ ਪਾਸਿਆਂ ਦੇ ਗੇਟ ਬੰਦ ਕੀਤੇ ਜਾਣ ਕਾਰਨ ਕਚਹਿਰੀਆਂ ਅਤੇ ਸਰਕਾਰੀ ਦਫ਼ਤਰਾਂ ਵਿਚ ਜਾਣ ਵਾਲੇ ਲੋਕਾਂ ਲਈ ਅੰਦਰ ਦਾਖ਼ਲ ਹੋਣਾ ਮੁਸ਼ਕਲ ਹੋ ਗਿਆ। ਆਮ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਜ਼ਰੂਰੀ ਕੰਮਕਾਜ ਲਈ ਪਹਿਲਾਂ ਤੋਂ ਨਿਰਧਾਰਤ ਸਮੇਂ ’ਤੇ ਡੀਸੀ ਕੰਪਲੈਕਸ ਅਤੇ ਕਚਹਿਰੀਆਂ ਵਿੱਚ ਪਹੁੰਚੇ ਸਨ। ਕਿਸੇ ਨੇ ਆਪਣੇ ਦਸਤਾਵੇਜ਼ੀ ਕੰਮ ਕਰਵਾਉਣੇ ਸਨ, ਕਿਸੇ ਨੇ ਕਚਹਿਰੀ ਵਿੱਚ ਪੇਸ਼ੀ ਜਾਂ ਹੋਰ ਜ਼ਰੂਰੀ ਕੰਮ ਲਈ ਜਾਣਾ ਸੀ, ਪਰ ਕੰਪਲੈਕਸ ਦੇ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਲਈ ਰਸਤਾ ਨਹੀਂ ਮਿਲਿਆ। ਧਰਨੇ ਕਾਰਨ ਡੀਸੀ ਕੰਪਲੈਕਸ ਦੇ ਮੁੱਖ ਗੇਟ ਸਮੇਤ ਹੋਰ ਰਸਤਿਆਂ ’ਤੇ ਵੀ ਆਵਾਜਾਈ ਪ੍ਰਭਾਵਿਤ ਰਹੀ। ਕਈ ਲੋਕ ਲੰਮਾ ਸਮਾਂ ਗੇਟਾਂ ਦੇ ਬਾਹਰ ਖੜ੍ਹੇ ਰਹੇ ਅਤੇ ਅੰਦਰ ਜਾਣ ਲਈ ਰਸਤਾ ਲੱਭਦੇ ਰਹੇ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਜ਼ਰੂਰੀ ਸਨ ਅਤੇ ਉਹ ਸਰਕਾਰੀ ਦਫ਼ਤਰਾਂ ਤੇ ਕਚਹਿਰੀਆਂ ਵਿੱਚ ਕੰਮ ਕਰਵਾੱਉਣ ਲਈ ਆਏ ਸਨ, ਪਰ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਔਰਤਾਂ ਸਮੇਤ ਕਈ ਲੋਕਾਂ ਨੇ ਟੱਪੀ ਕੰਧ ਹਾਲਾਤ ਉਸ ਸਮੇਂ ਹੋਰ ਵੀ ਗੰਭੀਰ ਨਜ਼ਰ ਆਏ ਜਦੋਂ ਕੁੱਝ ਔਰਤਾਂ ਸਮੇਤ ਕਈ ਲੋਕ ਆਪਣੇ ਜ਼ਰੂਰੀ ਕੰਮਕਾਜ ਲਈ ਡੀਸੀ ਕੰਪਲੈਕਸ ਦੇ ਅੰਦਰ ਜਾਣ ਵਾਸਤੇ ਕੰਧ ਟੱਪਦੇ ਨਜ਼ਰ ਆਏ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਗੇਟ ਬੰਦ ਕੀਤੇ ਗਏ ਸਨ ਤਾਂ ਘੱਟੋ-ਘੱਟ ਆਮ ਲੋਕਾਂ ਲਈ ਦਾਖ਼ਲ ਹੋਣ ਦਾ ਕੋਈ ਬਦਲਵਾਂ ਰਸਤਾ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਸੀ, ਤਾਂ ਜੋ ਉਨ੍ਹਾਂ ਦੇ ਜ਼ਰੂਰੀ ਕੰਮ ਪ੍ਰਭਾਵਿਤ ਨਾ ਹੁੰਦੇ। ਮੁਲਾਜ਼ਮਾਂ ਨੂੰ ਵੀ ਕਰਨਾ ਪਿਆ ਮੁਸ਼ਕਲ ਦਾ ਸਾਹਮਣਾ ਧਰਨੇ ਕਾਰਨ ਡੀਸੀ ਕੰਪਲੈਕਸ ਵਿਚ ਵੱਖ-ਵੱਖ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਪ੍ਰਭਾਵਿਤ ਹੋਏ। ਕਈ ਮੁਲਾਜ਼ਮਾਂ ਨੂੰ ਆਪਣੀਆਂ ਗੱਡੀਆਂ ਕੰਪਲੈਕਸ ਤੋਂ ਬਾਹਰ ਖੜ੍ਹੀਆਂ ਕਰਕੇ ਸਵੇਰੇ ਪੈਦਲ ਅੰਦਰ ਜਾਣਾ ਪਿਆ। ਇਸ ਕਾਰਨ ਦਫ਼ਤਰੀ ਕੰਮਕਾਜ ਸ਼ੁਰੂ ਹੋਣ ਸਮੇਂ ਮੁਲਾਜ਼ਮਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।