ਬੀਜੇਪੀ ਵਰਕਰਾਂ ਨੇ ਮੰਤਰੀ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ
ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿਖੇ ਭਾਰਤੀ
Publish Date: Mon, 23 Mar 2026 06:18 PM (IST)
Updated Date: Tue, 24 Mar 2026 04:05 AM (IST)

ਪੰਜਾਬ ’ਚ ਕਾਨੂੰਨ ਵਿਵਸਥਾ ਬੇਹਾਲ, ਅਧਿਕਾਰੀਆਂ ’ਤੇ ਦਬਾਅ ਬਣਾਉਣਾ ਨਿੰਦਣਯੋਗ : ਸਰੀਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਅਤੇ ਭਾਜਪਾ ਦੇ ਜਨਰਲ ਸਕੱਤਰ ਪੰਜਾਬ ਅਨਿਲ ਸਰੀਨ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਜੇਕਰ ਮਾਮਲੇ ਵਿਚ ਤੁਰੰਤ ਅਤੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਵੱਡੇ ਪੱਧਰ ’ਤੇ ਲਿਆਂਦਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਤਰਨ ਤਾਰਨ ਦੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੇ ਸੁਸਾਈਡ ਮਾਮਲੇ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਿਅਕਤੀ ਦੀ ਮੌਤ ਨਹੀਂ ਸਗੋਂ ਇਹ ਪੂਰੇ ਪ੍ਰਸ਼ਾਸਨਿਕ ਤੰਤਰ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਬਹੁਤ ਜ਼ਰੂਰੀ ਹੈ ਅਤੇ ਇਹ ਜਾਂਚ ਕਿਸੇ ਸੁਤੰਤਰ ਏਜੰਸੀ ਜਿਵੇਂ ਕਿ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਾ ਹੋ ਸਕੇ। ਸਰੀਨ ਨੇ ਦਾਅਵਾ ਕੀਤਾ ਕਿ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਵੱਲੋਂ ਬਹੁਤ ਹੀ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੇ ਅਨੁਸਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰੰਧਾਵਾ ਨੂੰ ਆਪਣੇ ਨਿਵਾਸ ਸਥਾਨ ’ਤੇ ਬੁਲਾਇਆ, ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਪਿਸਤੌਲ ਦੀ ਨੋਕ ’ਤੇ ਇਕ ਵੀਡੀਓ ਬਣਵਾਈ ਗਈ। ਇਸ ਵੀਡੀਓ ਵਿਚ ਉਨ੍ਹਾਂ ਤੋਂ 10 ਲੱਖ ਰੁਪਏ ਲੈਣ ਦੀ ਗੱਲ ਮਨਵਾਈ ਗਈ। ਉਨ੍ਹਾਂ ਕਿਹਾ ਕਿ ਜੇ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਲੋਕਤੰਤਰਿਕ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਆਜ਼ਾਦੀ ਲਈ ਬਹੁਤ ਵੱਡਾ ਖ਼ਤਰਾ ਹੈ। ਇਕ ਮੰਤਰੀ ਵੱਲੋਂ ਅਧਿਕਾਰੀ ’ਤੇ ਇਸ ਤਰ੍ਹਾਂ ਦਾ ਦਬਾਅ ਬਣਾਉਣਾ ਬਰਦਾਸ਼ਤਯੋਗ ਨਹੀਂ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸਰਕਾਰ ਦੇ ਅੰਦਰੂਨੀ ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਭਾਜਪਾ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਡਿੱਗਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਸਨ ਪਰ ਹੁਣ ਸਰਕਾਰ ਦੇ ਮੰਤਰੀਆਂ ’ਤੇ ਵੀ ਅਜਿਹੇ ਗੰਭੀਰ ਦੋਸ਼ ਲੱਗਣ ਲੱਗ ਪਏ ਹਨ, ਜੋ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਸਰਕਾਰ ’ਤੇ ਭਰੋਸਾ ਹੁਣ ਟੁੱਟ ਚੁੱਕਾ ਹੈ ਅਤੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਭਾਜਪਾ ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦਿੱਤਾ ਜਾਵੇ ਅਤੇ ਮਾਮਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰ ਆਗੂਆਂ ਨੇ ਵੀ ਆਪਣੇ ਸੰਬੋਧਨਾਂ ਦੌਰਾਨ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਭਾਜਪਾ ਵੱਲੋਂ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ, ਮੰਡਲ ਅਤੇ ਸੂਬਾ ਪੱਧਰ ’ਤੇ ਵੱਡੇ ਪੱਧਰ ਦੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ। ਪ੍ਰਦਰਸ਼ਨ ਦੌਰਾਨ ਮਾਹੌਲ ਕਾਫੀ ਤਪਦਾ ਹੋਇਆ ਨਜ਼ਰ ਆਇਆ ਅਤੇ ਵਰਕਰਾਂ ਵਿਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਮੌਜੂਦ ਭਾਜਪਾ ਵਰਕਰਾਂ ਨੇ ਇਕਜੁੱਟਤਾ ਦਿਖਾਉਂਦਿਆਂ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਇਸ ਮਾਮਲੇ ਵਿਚ ਇਨਸਾਫ਼ ਮਿਲਣ ਤੱਕ ਪਿੱਛੇ ਨਹੀਂ ਹਟਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਆਗੂ ਹਾਜ਼ਰ ਸਨ।